ਮੱਧ ਪ੍ਰਦੇਸ਼: ਹਾਈਵੇਅ ''ਤੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ

06/24/2018 12:00:39 PM

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਭੋਪਾਲ-ਇੰਦੌਰ ਹਾਈਵੇਅ 'ਤੇ ਸ਼ਨੀਵਾਰ ਦੇਰ ਰਾਤੀ ਤੇਜ਼ ਰਫਤਾਰ ਇਕ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚੋਂ 2 ਬੱਚੇ ਸ਼ਾਮਲ ਹਨ। ਇਨ੍ਹਾਂ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 


ਦੱਸਿਆ ਜਾ ਰਿਹਾ ਹੈ ਕਿ ਪੇਸ਼ੇ ਤੋਂ ਵਪਾਰੀ ਰਾਜਗੜ੍ਹ ਦੇ ਰਹਿਣ ਵਾਲੇ ਪਾਨਵ ਸਿੰਗੀ ਪਰਿਵਾਰ ਨਾਲ ਵਿਆਹ ਪ੍ਰੋਗਰਾਮ 'ਚ ਸ਼ਾਮਲ ਹੋਣ ਇੰਦੌਰ ਗਏ ਸਨ। ਉਥੋਂ ਤੋਂ ਦੇਰ ਰਾਤੀ ਕੁਰਾਵਰ ਵਾਪਸ ਆ ਰਹੇ ਸਨ। ਕਾਰ ਦੀ ਰਫਤਾਰ ਤੇਜ਼ ਸੀ, ਜਿਸ ਕਰਕੇ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਉਹ ਟਰੱਕ ਦੇ ਹੇਠਾਂ ਫਸ ਗਈ। ਤੇਜ਼ ਆਵਾਜ਼ ਸੁਣ ਕੇ ਕੁਝ ਲੋਕ ਘਟਨਾ ਸਥਾਨ 'ਤੇ ਪੁੱਜੇ। ਪੁਲਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਕਿਸੇ ਤਰ੍ਹਾਂ ਟਰੱਕ ਹਟਵਾ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਸਭ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਬੱਚਿਆਂ ਸਮੇਤ 4 ਲੋਕਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਪਵਨ ਸਿੰਘ, ਉਨ੍ਹਾਂ ਦੀ ਪਤਨੀ ਮਾਧੁਰੀ, ਬੇਟੀਆਂ ਪਲਕ ਅਤੇ ਛੋਟੀ ਦੀ ਮੌਤ ਹੋ ਗਈ। ਪਵਨ ਦੇ ਪਿਤਾ ਕੈਲਾਸ਼ ਅਤੇ ਰਿਸ਼ਤੇਦਾਰ ਮਧੁਬਾਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।