ਕਾਂਗਰਸ ਨੂੰ ਝਟਕਾ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਜਗਦੀਸ਼ ਯਾਦਵ 'ਆਪ' 'ਚ ਸ਼ਾਮਲ

01/11/2020 2:59:38 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਦਿੱਲੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਜਗਦੀਸ਼ ਯਾਦਵ ਅੱਜ ਭਾਵ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ 'ਆਪ' ਵਿਧਾਇਕ ਸੁਸ਼ੀਲ ਗੁਪਤਾ ਦੀ ਮੌਜੂਦਗੀ 'ਚ 'ਆਪ' ਪਾਰਟੀ 'ਚ ਸ਼ਾਮਲ ਹੋਏ। ਪਾਰਟੀ 'ਚ ਸ਼ਾਮਲ ਹੋਣ 'ਤੇ ਅਰਵਿੰਦ ਕੇਜਰੀਵਾਲ ਅਤੇ ਸੁਸ਼ੀਲ ਨੇ ਉਨ੍ਹਾਂ ਦਾ ਸੁਆਗਤ ਕੀਤਾ। ਜਗਦੀਸ਼ ਯਾਦਵ ਨੇ ਇਸ ਦੌਰਾਨ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਗੇ।

ਇੱਥੇ ਦੱਸ ਦੇਈਏ ਕਿ ਜਗਦੀਸ਼ ਯਾਦਵ ਦਿੱਲੀ ਪਿਛੜਾ ਵਰਗ ਕਮਿਸ਼ਨ (ਓ. ਬੀ. ਸੀ.) ਦੇ ਚੇਅਰਪਰਸਨ ਰਹਿ ਚੁੱਕੇ ਹਨ। ਉਨ੍ਹਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਨੀਫੈਸਟੋ ਕਮੇਟੀ ਅਤੇ ਚੋਣ ਕਮੇਟੀ 'ਚ ਆਪਣੀਆਂ ਸੇਵਾਵਾਂ ਦਿੱਤੀਆਂ। ਸਾਲ 2015 'ਚ ਦਿੱਲੀ ਵਿਧਾਨ ਸਭਾ ਚੋਣ ਰਿਠਾਲਾ ਹਲਕੇ ਤੋਂ ਲੜੀ ਸੀ ਪਰ ਕੇਜਰੀਵਾਲ ਦੀ ਲਹਿਰ 'ਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਦੱਸਣਯੋਗ ਹੈ ਕਿ ਦਿੱਲੀ 'ਚ 8 ਫਰਵਰੀ ਨੂੰ 70 ਸੀਟਾਂ ਲਈ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ। ਇਸ ਵਾਰ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। 


Tanu

Content Editor

Related News