ਜਦ (ਯੂ)’ਚ ਸ਼ਾਮਲ ਹੋਏ ਬਿਹਾਰ ਦੇ ਸਾਬਕਾ ਡੀ. ਜੀ. ਪੀ. ਗੁਪਤੇਸ਼ਵਰ ਪਾਂਡੇ

09/27/2020 5:55:47 PM

ਪਟਨਾ— ਬਿਹਾਰ ਦੇ ਪੁਲਸ ਜਨਰਲ ਡਾਇਰੈਕਟਰ (ਡੀ. ਜੀ. ਪੀ.) ਅਹੁਦੇ ਤੋਂ ਸਵੈ-ਇੱਛਾ ਨਾਲ ਸੇਵਾਮੁਕਤ ਹੋਣ ਵਾਲੇ ਗੁਪਤੇਸ਼ਵਰ ਪਾਂਡੇ ਅੱਜ ਜਨਤਾ ਦਲ ਯੂਨਾਈਟਿਡ (ਜਦਯੂ) ’ਚ ਸ਼ਾਮਲ ਹੋ ਗਏ। ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਸਾਲ 1987 ਬੈਂਚ ਦੇ ਅਧਿਕਾਰੀ ਰਹੇ ਸ਼੍ਰੀ ਪਾਂਡੇ ਨੂੰ ਅੱਜ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਸਰਕਾਰੀ ਆਵਾਸ ’ਤੇ ਜਦ (ਯੂ) ਮੈਂਬਰਤਾ ਦੀ ਸਹੁੰ ਚੁਕਾਈ। ਇਸ ਮੌਕੇ ’ਤੇ ਪਾਰਟੀ ਦੇ ਸੀਨੀਅਰ ਨੇਤਾ ਜਯ ਕੁਮਾਰ ਚੌਧਰੀ ਵੀ ਮੌਜੂਦ ਸਨ। 

ਜ਼ਿਕਰਯੋਗ ਹੈ ਕਿ ਪਾਂਡੇ ਦੀ ਭਾਰਤੀ ਪੁਲਸ ਸੇਵਾ ਤੋਂ ਸਵੈ-ਇੱਛੁਕ ਸੇਵਾਮੁਕਤ ਦੀ ਅਰਜ਼ੀ ਨੂੰ ਗ੍ਰਹਿ ਵਿਭਾਗ ਨੇ 22 ਸਤੰਬਰ ਨੂੰ ਰਾਜਪਾਲ ਦੇ ਆਦੇਸ਼ ਨਾਲ ਮਨਜ਼ੂਰ ਕਰ ਲਿਆ ਸੀ। ਇਸ ਤੋਂ ਬਾਅਦ ਹੀ ਕਿਆਸ ਲਾਏ ਜਾ ਰਹੇ ਸਨ ਕਿ ਪਾਂਡੇ ਹੁਣ ਸਿਆਸਤ ਵਿਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਪੁਲਸ ਮਹਿਕਮੇ ਵਿਚ ਪਾਂਡੇ 33 ਸਾਲ ਸੇਵਾਵਾਂ ਦੇ ਚੁੱਕੇ ਹਨ। ਇਸ ਦੌਰਾਨ ਉਹ ਪੁਲਸ ਸੁਪਰਡੈਂਟ ਤੋਂ ਲੈ ਕੇ ਡਿਪਟੀ ਇੰਸਪੈਕਟਰ ਜਨਰਲ ਪੁਲਸ, ਇੰਸਪੈਕਟਰ ਜਨਰਲ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਅਤੇ ਪੁਲਸ ਦੇ ਡਾਇਰੈਕਟਰ ਜਨਰਲ ਤੱਕ ਦੇ ਸਫ਼ਰ ’ਚ 26 ਜ਼ਿਲਿ੍ਹਆਂ ਵਿਚ ਕੰਮ ਕਰ ਚੁੱਕੇ ਹਨ। ਪਾਂਡੇ ਨੂੰ 31 ਜਨਵਰੀ 2019 ਨੂੰ ਬਿਹਾਰ ਪੁਲਸ ਦਾ ਡੀ. ਜੀ. ਪੀ. ਬਣਾਇਆ ਗਿਆ ਅਤੇ ਪੁਲਸ ਕਾਰਜਕਾਲ 28 ਫਰਵਰੀ 2021 ਨੂੰ ਪੂਰਾ ਹੋਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਸਵੈ-ਇੱਛਾ ਨਾਲ ਰਿਟਾਇਰਮੈਂਟ ਲੈ ਲਈ। 

Tanu

This news is Content Editor Tanu