ਦਿੱਲੀ ਸਰਕਾਰ ਨੇ ਡੈਂਟਲ ਸਰਜਨ ਕੈਡਰ ਦੇ ਗਠਨ ਨੂੰ ਦਿੱਤੀ ਮਨਜ਼ੂਰੀ, ਡਾਕਟਰਾਂ ਨੂੰ ਹੋਣਗੇ ਇਹ ਫ਼ਾਇਦੇ

05/14/2022 4:41:59 PM

ਨਵੀਂ ਦਿੱਲੀ (ਵਾਰਤਾ)- ਦਿੱਲੀ ਸਰਕਾਰ ਨੇ ਡੈਂਟਲ ਸਰਜਨ ਸਰਵਿਸ ਰੂਲਜ਼ ਲਈ ਇਕ ਕੈਡਰ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਅਧੀਨ ਵੱਖ-ਵੱਖ ਹਸਪਤਾਲਾਂ 'ਚ ਅਸਥਾਈ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਦੰਦਾਂ ਦੇ ਡਾਕਟਰ ਹੁਣ ਨਿਯਮਿਤ ਹੋ ਜਾਣਗੇ। ਦਿੱਲੀ ਦੇ ਸਿਹਤ ਮੰਤਰਾਲਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਡੈਂਟਲ ਹੈਲਥ ਸਿਸਟਮ ਨੂੰ ਮਜ਼ਬੂਤ ਕਰਨ ਲਈ ਡੈਂਟਲ ਸਰਜਨ ਕੈਡਰ ਦੇ ਗਠਨ ਦਾ ਨਿਰਮਾਣ ਲਿਆ ਹੈ। ਇਹ ਦਿੱਲੀ 'ਚ ਦੰਦਾਂ ਦੇ ਡਾਕਟਰਾਂ ਲਈ ਇਸ ਤਰ੍ਹਾਂ ਦਾ ਪਹਿਲਾ ਕੈਡਰ ਹੈ। ਸਰਕਾਰ ਦੇ ਇਸ ਕਦਮ ਨਾਲ ਪਿਛਲੇ 2 ਦਹਾਕਿਆਂ ਤੋਂ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਅਸਥਾਈ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਦੰਦਾਂ ਦੇ ਡਾਕਟਰ ਹੁਣ ਨਿਯਮਿਤ ਹੋ ਸਕਣਗੇ। ਨਾਲ ਹੀ ਕੈਡਰ ਦੇ ਗਠਨ ਤੋਂ ਬਾਅਦ ਨਿਯਮਿਤ ਭਰਤੀ 'ਚ ਵੀ ਮਦਦ ਮਿਲੇਗੀ। ਡੈਂਟਲ ਸਰਜਨ ਕਈ ਸਾਲਾਂ ਤੋਂ ਕੈਡਰ ਗਠਨ ਕਰਨ ਦੀ ਮੰਗ ਕਰ ਰਹੇ ਸਨ। ਸਰਜਨ ਦੀ ਭਰਤੀ ਲਈ ਕਰੀਬ 23 ਸਾਲਾਂ ਬਾਅਦ ਡੈਂਟਲ ਕੈਡਰ ਨਿਯਮਾਂ ਨੂੰ ਨੋਟੀਫਾਈ ਕੀਤਾ ਗਿਆ ਹੈ। ਇਹ ਦੰਦਾਂ ਦੇ ਡਾਕਟਰ ਸਾਲ 1998 'ਚ ਅਸਥਾਈ ਤੌਰ 'ਤੇ ਨਿਯੁਕਤ ਕੀਤੇ ਗਏ ਸਨ। ਉਦੋਂ ਤੋਂ ਦਿੱਲੀ ਸਰਕਾਰ ਦੇ ਵੱਖ-ਵੱਖ ਹਸਪਤਾਲਾਂ 'ਚ ਆਪਣੀਆਂ ਸੇਵਾਵਾਂ ਦੇ ਰਹੇ ਸਨ। 

ਇਹ ਵੀ ਪੜ੍ਹੋ : ਦਿੱਲੀ ਅਗਨੀਕਾਂਡ: CM ਕੇਜਰੀਵਾਲ ਵਲੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ, ਜਾਂਚ ਦੇ ਦਿੱਤੇ ਆਦੇਸ਼

ਡੈਂਟਲ ਸਰਜਨ ਕੈਡਰ ਦੇ ਗਠਨ ਨੂੰ ਲੈ ਕੇ ਦੰਦਾਂ ਦੇ ਡਾਕਟਰਾਂ ਦੇ ਵਫ਼ਦ ਨੇ ਕਈ ਵਾਰ ਆਜ਼ਾਦ ਚੁੱਕੀ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ। ਦਿੱਲੀ 'ਚ ਕੇਜਰੀਵਾਲ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਸਿਹਤ ਮੰਤਰੀ ਸਤੇਂਦਰ ਜੈਨ ਨੇ ਡੈਂਟਲ ਸਰਜਨਾਂ ਦੇ ਵਫ਼ਦ ਨਾਲ ਬੈਠਕ ਕਰ ਕੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ। ਇਸ ਤੋਂ ਬਾਅਦ ਸਾਲ 2018 'ਚ ਸਿਹਤ ਮੰਤਰੀ ਨੇ ਦੰਦਾਂ ਦੀ ਸਿਹਤ ਸੇਵਾ ਨੂੰ ਮਜ਼ਬੂਤ ਕਰਨ ਲਈ ਇਕ ਕਮੇਟੀ ਬਣਾਉਣ ਦਾ ਨਿਰਦੇਸ਼ ਦਿੱਤਾ। ਕਮੇਟੀ ਦੀ ਮੰਗ 'ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਸਰਕਾਰ ਨੇ ਕੈਡਰ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਕਮੇਟੀ ਦੇ ਅਹਿਮ ਮੈਂਬਰਾਂ 'ਚ ਡਾ. ਜਹੀਰੂਦੀਨ, ਡਾ. ਹਰਪ੍ਰੀਤ ਗ੍ਰੇਵਾਲ, ਡਾ. ਅਨਿਲ ਮਿੱਤਲ ਅਤੇ ਡਾ. ਵਿਕਰਾਂਤ ਮੋਹੰਤੀ ਸ਼ਾਮਲ ਰਹੇ। ਡੈਂਟਲ ਸਰਜਨਾਂ ਦਾ ਕਹਿਣਾ ਹੈ ਕਿ ਦਿੱਲੀ 'ਚ ਹਾਲੇ ਤੱਕ ਅਜਿਹਾ ਕੋਈ ਕੈਡਰ ਨਹੀਂ ਸੀ। ਕੇਜਰੀਵਾਲ ਸਰਕਾਰ ਦੇ ਮਾਰਗਦਰਸ਼ਨ ਕਾਰਨ ਡੈਂਟਲ ਸਰਜਨਾਂ ਵਲੋਂ 2 ਦਹਾਕਿਆਂ ਤੋਂ ਉਠਾਈ ਜਾ ਰਹੀ ਮੰਗ ਅਤੇ ਕੈਡਰ ਦੇ ਗਠਨ ਦਾ ਸੁਫ਼ਨਾ ਪੂਰਾ ਹੋ ਸਕਿਆ ਹੈ। ਡੈਂਟਲ ਸਰਜਨ ਕੈਡਰ ਦੇ ਗਠਨ ਲਈ ਅਸੀਂ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਵਿਭਾਗ ਦੇ ਸਾਰੇ ਅਧਿਕਾਰੀਆਂ ਦੇ ਆਭਾਰੀ ਹਾਂ। ਦਿੱਲੀ ਏਲੋਪੈਥਿਕ ਕੈਡਰ ਨਿਯਮ 2009 ਦੀ ਤਰਜ 'ਤੇ ਹੀ ਰਾਜਧਾਨੀ 'ਚ ਡੈਂਟਲ ਹੈਲਥ ਸਿਸਟਮ ਮਜ਼ਬੂਤ ਕਰਨ ਦੇ ਡੈਂਟਲ ਸਰਜਨ ਕੈਡਰ ਬਣਾਉਣ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha