ਭਾਰਤ-ਨੇਪਾਲ ਦੇ ਰਿਸ਼ਤੇ ਹੋਣਗੇ ਮਜ਼ਬੂਤ, ਸ਼੍ਰਿੰਗਲਾ ਕਰਨਗੇ ਕਾਠਮੰਡੂ ਦੀ ਯਾਤਰਾ

11/24/2020 12:48:19 PM

ਕਾਠਮੰਡੂ- ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇਪਾਲ ਦੀ ਦੋ ਦਿਨਾਂ ਅਧਿਕਾਰਕ ਯਾਤਰਾ 'ਤੇ ਵੀਰਵਾਰ ਨੂੰ ਕਾਠਮੰਡੂ ਪੁੱਜਣਗੇ। 
ਇਸ ਯਾਤਰਾ ਦੌਰਾਨ ਉਹ ਆਪਣੇ ਨੇਪਾਲੀ ਹਮਰੁਤਬਾ ਭਰਤਰਾਜ ਪੌਡਿਆਲ ਨਾਲ ਗੱਲਬਾਤ ਕਰਨਗੇ ਅਤੇ ਦੋ-ਪੱਖੀ ਸਹਿਯੋਗ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨਗੇ। ਇਹ ਜਾਣਕਾਰੀ ਭਾਰਤ ਤੇ ਨੇਪਾਲ ਦੇ ਵਿਦੇਸ਼ ਮੰਤਰਾਲਿਆਂ ਨੇ ਸੋਮਵਾਰ ਨੂੰ ਦਿੱਤੀ। ਸ਼੍ਰਿੰਗਲਾ 26-27 ਨਵੰਬਰ ਨੂੰ ਨੇਪਾਲ ਦੀ ਯਾਤਰਾ ਕਰਨਗੇ।

ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਸ਼੍ਰਿੰਗਲਾ ਦੀ ਯਾਤਰਾ ਵਿਦੇਸ਼ੀ ਸਕੱਤਰ ਪੌਡਿਆਲ ਦੇ ਸੱਦੇ 'ਤੇ ਹੋ ਰਹੀ ਹੈ। ਇਹ ਦੋ ਮਿੱਤਰ ਗੁਆਂਢੀ ਦੇਸ਼ਾਂ ਵਿਚਕਾਰ ਹੋਣ ਵਾਲੀ ਨਿਯਮਤ ਉੱਚ ਪੱਧਰੀ ਯਾਤਰਾਵਾਂ ਦਾ ਹਿੱਸਾ ਹੈ। 

ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਯਾਤਰਾ ਦੇ ਇਕ ਦਿਨ ਪਹਿਲਾਂ ਦੋਵੇਂ ਵਿਦੇਸ਼ ਸਕੱਤਰ ਦੋ-ਪੱਖੀ ਵਾਰਤਾ ਕਰਨਗੇ ਅਤੇ ਨੇਪਾਲ ਤੇ ਭਾਰਤ ਵਿਚਕਾਰ ਸਹਿਯੋਗ ਦੇ ਵਿਆਪਕ ਖੇਤਰਾਂ 'ਤੇ ਚਰਚਾ ਕਰਨਗੇ। ਉਨ੍ਹਾਂ ਦਾ ਨੇਪਾਲ ਦੇ ਉੱਚ ਪੱਧਰੀ ਨੇਤਾਵਾਂ ਨਾਲ ਮਿਲਣ ਦਾ ਪ੍ਰੋਗਰਾਮ ਹੈ। ਸ਼੍ਰਿੰਗਲਾ ਨੇਪਾਲ ਸਰਕਾਰ ਨੂੰ ਕੋਰੋਨਾ ਨਾਲ ਸਬੰਧਤ ਰਾਹਤ ਸਮੱਗਰੀ ਵੀ ਸੌਂਪਣਗੇ। ਉਹ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਲਈ ਰਵਾਨਾ ਹੋ ਜਾਣਗੇ। ਉੱਥੇ ਹੀ, ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਸਾਡੇ ਨੇਪਾਲ ਨਾਲ ਇਤਿਹਾਸਕ ਤੇ ਸੱਭਿਆਚਾਰਕ ਸਬੰਧ ਹਨ ਅਤੇ ਹਾਲ ਦੇ ਸਾਲਾਂ ਵਿਚ ਭਾਰਤ ਅਤੇ ਨੇਪਾਲ ਵਿਚਕਾਰ ਦੋ-ਪੱਖੀ ਸਹਿਯੋਗ ਮਜ਼ਬੂਤ ਹੋਇਆ ਹੈ। 
 

Lalita Mam

This news is Content Editor Lalita Mam