15 ਅਪ੍ਰੈਲ ਤਕ ਵਿਦੇਸ਼ੀ ਖਿਡਾਰੀ ਨਹੀਂ ਖੇਡ ਸਕਣਗੇ IPL, ਸਰਕਾਰ ਨੇ ਵੀਜ਼ੇ 'ਤੇ ਲਾਈ ਰੋਕ

03/12/2020 12:21:58 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸ਼ੁਰੂਆਤ 29 ਮਾਰਚ ਤੋਂ ਹੋ ਰਹੀ ਹੈ, ਜਿਸ ਨੂੰ ਦੇਖਦਿਆਂ ਹੁਣ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਭਾਰਤ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ 15 ਅਪ੍ਰੈਲ ਤਕ ਲਈ ਸਸਪੈਂਡ ਕਰ ਦਿੱਤਾ ਹੈ। ਇਹ ਪਾਬੰਦੀ ਰਾਜਨਾਇਕਾਂ, ਅਧਿਕਾਰੀਆਂ, ਸਯੁੰਤ ਰਾਸ਼ਟਰ ਸੰਘ ਅਤੇ ਕੌਮਾਂਤਰੀ ਸੰਗਠਨਾਂ ਦੇ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗੀ। ਇਹ ਪਾਬੰਦੀ 13 ਮਾਰਚ 2020 ਤੋਂ ਹੀ ਲਾਗੂ ਹੋ ਜਾਵੇਗੀ। ਇਸ ਵਿਚ ਹੁਣ ਜਿੰਨੇ ਵੀ ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. ਲਈ ਭਾਰਤ ਵਿਚ ਆਉਣ ਵਾਲੇ ਸਨ ਉਨ੍ਹਾਂ 'ਤੇ ਵੀ ਰੋਕ ਲੱਗ ਗਈ ਹੈ। ਅਜਿਹੇ 'ਚ ਅੱਧੇ ਮਹੀਨੇ ਭਾਵ 15 ਅਪ੍ਰੈਲ ਤਕ ਕੋਈ ਵੀ ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. ਨਾਲ ਨਹੀਂ ਜੁੜ ਸਕੇਗਾ।

ਬੀ. ਸੀ. ਸੀ. ਆਈ. ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, ''ਆਈ. ਪੀ. ਐੱਲ. ਵਿਚ ਖੇਡਣ ਵਾਲੇ ਵਿਦੇਸ਼ੀ ਖਿਡਾਰੀ ਵਪਾਰ ਵੀਜ਼ਾ ਦੀ ਸ਼੍ਰੇਣੀ ਵਿਚ ਆਉਂਦੇ ਹਨ। ਸਰਕਾਰ ਦੇ ਨਿਰਦੇਸ਼ ਮੁਤਾਬਕ ਉਹ 15 ਅਪ੍ਰੈਲ ਤਕ ਭਾਰਤ ਨਹੀਂ ਆ ਸਕਦੇ।'' ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਨੇ ਹੁਕਮ ਜਾਰੀ ਕੀਤੇ ਜਿਸ ਦੇ ਮੁਤਾਬਕ ਸਾਰੇ ਮੌਜੂਦਾ ਵੀਜ਼ੇ 15 ਅਪ੍ਰੈਲ ਤਕ ਸਸਪੈਂਡ ਕਰ ਦਿੱਤੇ ਹਨ।

ਭਾਰਤ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 60 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਖਤਰਨਾਕ ਵਾਇਰਸ ਕਾਰਨ ਦੁਨੀਆ ਵਿਚ 4000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਈ. ਪੀ. ਐੱਲ. ਦੇ ਭਵਿੱਖ 'ਤੇ ਫੈਸਲਾ 14 ਮਾਰਚ ਨੂੰ ਮੁੰਬਈ ਵਿਚ ਸੰਚਾਲਨ ਪਰੀਸ਼ਦ ਦੀ ਬੈਠਕ ਦੌਰਾਨ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਸਾਰੇ ਫੈਸਲੇ ਮੁੰਬਈ ਵਿਚ ਸੰਚਾਲਨ ਪਰੀਸ਼ਦ ਦੀ ਬੈਠਕ ਵਿਚ ਕੀਤੇ ਜਾਣਗੇ। ਇਕ ਬਦਲ ਇਹ ਵੀ ਹੈ ਕਿ 29 ਮਾਰਚ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਨੂੰ ਖਾਲੀ ਸਟੇਡੀਅਮ ਵਿਚ ਕਰਾਇਆ ਜਾਵੇ।