ਲਿੰਗ ਜਾਂਚ ਲਈ 30 ਤੋਂ 40 ਹਜ਼ਾਰ ਰੁਪਏ ਲੈਣ ਵਾਲੀ ਮਹਿਲਾ ਰੰਗੇ ਹੱਥੀਂ ਕਾਬੂ

02/17/2018 1:07:45 PM

ਕੈਥਲ — ਗੁਰੂਗਰਾਮ ਤੋਂ ਆਈ ਹੈਲਥ ਡਿਪਾਰਟਮੈਂਟ ਦੀ ਟੀਮ ਨੇ ਸ਼ਕਤੀ ਨਗਰ ਤੋਂ ਭਰੂਣ ਲਿੰਗ ਜਾਂਚ ਗਿਰੋਹ ਨੂੰ ਫੜਣ ਲਈ ਛਾਪਾ ਮਾਰਿਆ। ਛਾਪੇ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ 30 ਤੋਂ 40 ਹਜ਼ਾਰ ਲੈ ਕੇ ਗਰਭਵਤੀ ਦੇ ਪੇਟ 'ਤੇ ਡਾਪਲਰ(ਬੱਚੇ ਦੇ ਦਿਲ ਦੀ ਧੜਕਣ ਚੈੱਕ ਕਰਨ ਵਾਲੀ ਮਸ਼ੀਨ) ਘੁਮਾ ਕੇ ਗਰਭ ਵਿਚ ਲੜਕੀ ਹੋਣ ਬਾਰੇ ਦੱਸ ਦਿੰਦਾ ਸੀ। ਇਸ ਤੋਂ ਬਾਅਦ ਅਬੋਰਸ਼ਨ ਦੇ ਨਾਂ 'ਤੇ ਦੋ ਹਜ਼ਾਰ ਰੁਪਏ ਲਏ ਜਾਂਦੇ ਸਨ। 
ਇਸ ਮਾਮਲੇ 'ਚ ਫੜੀ ਗਈ ਦੋਸ਼ੀ(ਕਿਰਣ) 10ਵੀਂ ਪਾਸ ਹੈ। ਇਸ ਤੋਂ ਪਹਿਲਾਂ ਕਿਰਣ ਇਕ ਨਿੱਜੀ ਨਰਸਿੰਗ ਹੋਮ ਵਿਚ ਦਰਜਾ ਚਾਰ ਮੁਲਾਜ਼ਮ ਸੀ। ਇਥੇ ਹੀ ਉਸਦੀ ਮੁਲਾਕਾਤ ਪਰੀਕਸ਼ਿਤ-ਵਿਜੇ ਅਤੇ ਸੰਦੀਪ ਨਾਲ ਹੋਈ। ਇਸ ਤੋਂ ਬਾਅਦ ਇਨ੍ਹਾਂ ਚਾਰਾਂ ਨੇ ਮਿਲ ਕੇ ਇਹ ਧੰਦਾ ਸ਼ੁਰੂ ਕਰ ਦਿੱਤਾ। ਪਰੀਕਸ਼ਿਤ, ਵਿਜੇ ਅਤੇ ਸੰਦੀਪ ਗ੍ਰਾਹਕ ਲੈ ਕੇ ਆਉਂਦੇ ਸਨ।
ਗੁਰੂਗਾਰਮ ਦੀ ਟੀਮ ਨੇ ਇਸ ਧੰਦੇ ਦਾ ਖੁਲਾਸਾ ਕੀਤਾ ਤਾਂ ਕੈਥਲ ਦੀ ਪੀ.ਐੱਨ.ਡੀ.ਟੀ. ਨੋਡਲ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਨੋਡਲ ਅਫਸਰ ਨੀਲਮ ਕੱਕੜ ਨੇ ਤਰਕ ਦਿੱਤਾ ਕਿ ਉਨ੍ਹਾਂ ਦੇ ਰਾਡਾਰ 'ਤੇ ਇਹ ਗਿਰੋਹ ਸੀ ਅਤੇ ਇਸ ਨੂੰ ਰੰਗੇ ਹੱਥੀ ਫੜਨ ਦੀ ਨੀਤੀ ਬਣਾਈ ਜਾ ਰਹੀ ਸੀ। ਉਨ੍ਹਾਂ ਤੋਂ ਪਹਿਲਾਂ ਹੀ ਗੁਰੂਗਰਾਮ ਦੀ ਟੀਮ ਨੇ ਕਾਰਵਾਈ ਕਰ ਦਿੱਤੀ।
ਕਿਰਣ ਆਪਣੇ ਘਰ ਵਿਚ ਹੀ ਇਹ ਕੰਮ ਕਰ ਰਹੀ ਸੀ। ਟੀਮ ਨੇ ਇਕ ਫਰਜ਼ੀ ਗ੍ਰਾਹਕ ਬਣਾ ਕੇ ਕਿਰਣ ਨਾਲ ਸੰਪਰਕ ਕੀਤਾ। ਕਿਰਣ ਨੇ ਭਰੂਣ ਜਾਂਚ ਲਈ 30 ਹਜ਼ਾਰ ਮੰਗੇ ਅਤੇ ਸ਼ੁੱਕਰਵਾਰ ਨੂੰ ਕੈਥਲ ਬੁਲਾਇਆ। ਹੇਲਥ ਡਿਪਾਰਟਮੈਂਟ ਦੀ ਟੀਮ ਡਰੱਗਸ ਕੰਟਰੋਲ ਅਫਸਰ ਸੰਦੀਪ, ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸ਼ਿਆਮ ਸੁੰਦਰ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਨਾਲ ਹਨੂੰਮਾਨ ਵਾਟਿਕਾ ਪਹੁੰਚੇ।
ਦਲਾਲ ਪਰੀਕਸ਼ਿਤ ਡਿਕੋ(ਫਰਜ਼ੀ ਗ੍ਰਾਹਕ) ਨੂੰ ਬਾਈਕ 'ਤੇ ਬਿਠਾ ਅਲਟ੍ਰਾ ਸਾਊਂਡ ਲਈ ਲੈ ਗਏ। ਉਥੇ ਅਲਟ੍ਰਾ ਸਾਊਂਡ ਦੇ ਨਾਂ 'ਤੇ ਕਿਰਣ ਨੇ ਗਰਭਵਤੀ ਦੇ ਪੇਟ 'ਤੇ ਕੁਝ ਘੁਮਾਇਆ। ਦਲਾਲ ਜਦੋਂ ਵਾਪਸ ਛੱਡਣ ਲਈ ਨਿਕਲਿਆ ਤਾਂ ਟੀਮ ਨੇ ਕਾਬੂ ਕਰ ਲਿਆ। ਜਾਂਚ ਦੀ ਟੀਮ ਦੇ ਮੁਤਾਬਕ ਉਨ੍ਹਾਂ ਦੇ ਦੋ ਹੋਰ ਸਾਥੀ ਮੌਕੇ 'ਤੋਂ ਭੱਜ ਗਏ।
ਡਿਪਟੀ ਸੀ.ਐੱਮ.ਓ. ਨੀਲਮ ਕੱਕੜ ਨੇ ਦੱਸਿਆ ਕਿ ਦੋਸ਼ੀ ਮਹਿਲਾ ਤੋਂ 8 ਹਜ਼ਾਰ ਬਰਾਮਦ ਹੋਏ ਹਨ ਜਦੋਂਕਿ ਦੋਸ਼ੀ ਸੰਦੀਪ 20 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ ਹੈ।
ਸਿਹਤ ਵਿਭਾਗ ਨੇ ਢਾਈ ਸਾਲ ਪਹਿਲਾਂ ਹਰ ਜ਼ਿਲੇ 'ਚ ਲਿੰਗ ਜਾਂਚ ਦੇ ਧੰਦੇ 'ਤੇ ਨਕੇਲ ਕੱਸਣ ਲਈ ਟੀਮਾਂ ਦਾ ਗਠਨ ਕੀਤਾ ਸੀ। ਇਸ ਦੌਰਾਨ ਕੈਥਲ ਦੀ ਟੀਮ ਨੇ ਗਰੰਟੀ ਬੇਟਾ ਦੀ ਦਵਾਈ, ਲਿੰਗ ਨਿਰਧਾਰਨ ਜਾਂਚ ਵਰਗੇ 36 ਮਾਮਲੇ ਫੜੇ ਹਨ। ਪਿਛਲੇ ਦਿਨੀਂ ਮਲਿਕਪੁਰ ਸਮਾਣਾ ਦਾ ਸਰਪੰਚ ਧਰਮਪਾਲ ਸਿੰਘ ਵੀ ਲਿੰਗ ਨਿਰਧਾਰਣ ਜਾਂਚ ਦੇ ਕੇਸ 'ਚ ਫੜਿਆ ਗਿਆ ਸੀ।