ਪਾਕਿ ’ਚ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਵਾਹਗਾ ਸਰਹੱਦ ’ਤੇ ਹੀ 1-2 ਦਿਨ ਦਾ ਮਿਲੇ ਵੀਜ਼ਾ : ਸਰਨਾ

04/13/2019 10:41:17 PM

ਨਵੀਂ ਦਿੱਲੀ– ਭਾਰਤ ਅਤੇ ਪਾਕਿਸਤਾਨ ਦਰਮਿਆਨ ਧਾਰਮਿਕ ਮੁੱਦਿਆਂ ’ਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤ ਵਿਚ ਪਾਕਿਸਤਾਨ ਦੇ ਅਹੁਦਾ ਛੱਡ ਰਹੇ ਹਾਈ ਕਮਿਸ਼ਨਰ ਸੋਹੇਲ ਮਹਿਸੂਦ ਦਾ ਇਥੇ ਸਿੱਖ ਸੰਗਠਨਾਂ ਨੇ ਸਨਮਾਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਅਗਵਾਈ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਸਿੱਖਾਂ ਨੇ ਪਾਕਿਸਤਾਨ ਵਿਚ ਮੌਜੂਦਾ ਪੁਰਾਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ, ਉਨ੍ਹਾਂ ਦੇ ਨਵੀਨੀਕਰਨ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਯੋਜਨਾ ਨੂੰ ਪੂਰਾ ਕਰਨ ਅਤੇ ਪਾਕਿਸਤਾਨ ਵਿਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਮੰਗ ਕੀਤੀ।

ਇਸਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸੌਖੀ ਵੀਜ਼ਾ ਪ੍ਰਣਾਲੀ ਦੀ ਚਰਚਾ ਹੋਈ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿ ਸਰਕਾਰ ਨੂੰ ਕਿਹਾ ਕਿ ਵਾਹਗਾ ਦੀ ਸਰਹੱਦ ’ਤੇ ਉਹ ਅਜਿਹੇ ਪ੍ਰਬੰਧ ਕਰੇ ਕਿ ਸਿੱਖ ਸ਼ਰਧਾਲੂ ਜਦੋਂ ਵੀ ਚਾਹੁਣ, ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਚਲੇ ਜਾਣ। ਉਨ੍ਹਾਂ ਨੂੰ ਵਾਹਗਾ ਸਰਹੱਦ ’ਤੇ ਹੀ ਇਕ ਦੋ ਦਿਨ ਦਾ ਵੀਜ਼ਾ ਮਿਲ ਜਾਏ।

ਸੋਹੇਲ ਮਹਿਸੂਦ ਜੋ ਹੁਣ ਪਾਕਿਸਤਾਨ ਦੇ ਵਿਦੇਸ਼ ਸਕੱਤਰ ਬਣੇ ਹਨ, ਕੋਲ ਸਰਨਾ ਨੇ ਉਨ੍ਹਾਂ ਦਾ ਸਨਮਾਨ ਕਰਦੇ ਸਮੇਂ ਇਹ ਮੁੱਦਾ ਉਠਾਇਆ। ਸੋਹੇਲ ਮਹਿਸੂਦ ਜੁਲਾਈ 2017 ਵਿਚ ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਬਣੇ ਸਨ। ਉਦੋਂ ਵੀ ਸਰਨਾ ਅਤੇ ਹੋਰਨਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਸੀ। ਹੁਣ ਉਨ੍ਹਾਂ ਦੀ ਵਿਦਾਇਗੀ ’ਤੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

Inder Prajapati

This news is Content Editor Inder Prajapati