ਕੇਰਲ 'ਚ ਹੜ੍ਹ ਦਾ ਕਹਿਰ, ਕ੍ਰਿਕਟਰ ਸੰਜੂ ਸੈਮਸਨ ਨੇ ਦਾਨ ਕੀਤੇ 15 ਲੱਖ ਰੁਪਏ

08/18/2018 6:53:40 PM

ਤਿਰੂਵਨੰਤਪੁਰਮ— ਕੇਰਲ 'ਚ ਹੜ੍ਹ ਦੇ ਕਹਿਰ ਨਾਲ ਕਈ ਘਰ ਤਬਾਹ ਹੋ ਗਏ ਅਤੇ ਕਰੋੜਾਂ ਰੁਪਏ ਦੀ ਸੰਪਤੀ ਬੇਕਾਰ ਹੋ ਗਈ ਹੈ। ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਕੇ ਜਾਣ ਲਈ ਰਾਜ ਸਰਕਾਰ ਨੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦੇਸ਼ ਭਰ ਤੋਂ ਲੋਕ ਅੱਗੇ ਆ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਤੋਂ ਪਰੇਸ਼ਾਨੀ ਝੱਲ ਰਹੇ ਲੋਕਾਂ ਨੂੰ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਸੰਜੂ ਸੈਮਸਨ ਨੇ ਵੀ ਮਦਦ ਲਈ 15 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਅਤੇ ਨਾਲ ਹੀ ਹੋਰ ਲੋਕਾਂ ਨੂੰ ਵੀ ਮਦਦ ਲਈ ਅਪੀਲ ਕੀਤੀ।
ਸੈਮਸਨ ਦੇ ਪਿਤਾ ਵਿਸ਼ਵਨਾਥ ਅਤੇ ਭਰਾ ਸੈਲੀ ਸੈਮਸਨ ਨੇ ਮੁੱਖਮੰਤਰੀ ਪਿਨਾਰਈ ਵਿਜਯਨ ਨੂੰ ਮਿਲ ਕੇ ਉਨ੍ਹਾਂ ਨੂੰ ਇਹ ਚੈੱਕ ਦਿੱਤਾ। ਸੰਜੂ ਫਿਲਹਾਲ ਭਾਰਤ 'ਏ' ਟੀਮ ਨਾਲ ਕੁਵਾਡ੍ਰੈਂਗੁਲਰ ਸੀਰੀਜ਼ ਲਈ ਵਿਜੈਵਾੜਾ 'ਚ ਹੈ। ਹਾਲਾਂਕਿ ਮੀਂਹ ਆਉਣ ਦੇ ਕਾਰਨ 17 ਅਤੇ 18 ਅਗਸਤ ਨੂੰ ਹੋਣ ਵਾਲੀ ਸੀਰੀਜ਼ ਦੇ ਪਹਿਲੇ ਦੋ ਮੈਚ ਰੱਦ ਕਰ ਦਿੱਤੇ ਗਏ ਹਨ।

ਪਬਲੀਸਿਟੀ ਲਈ ਨਹੀਂ ਕਰ ਰਹੇ ਮਦਦ
ਸੈਮਸਨ ਨੇ ਕਿਹਾ ਕਿ ਇਹ ਪਬਲੀਸਿਟੀ ਲਈ ਨਹੀਂ ਹੈ। ਮੈਂ ਬਿਨਾਂ ਦੁਨੀਆ ਨੂੰ ਦੱਸੇ ਦਾਨ ਕਰਦਾ ਹਾਂ। ਫਿਲਹਾਲ ਇਹ ਸਮਾਂ ਲੋਕਾਂ ਦੇ ਵਿਚਾਲੇ ਜਾਗਰੂਕਤਾ ਲੈ ਕੇ ਆਉਣ ਅਤੇ ਉਨ੍ਹਾਂ ਨੂੰ ਦਾਨ ਦਾ ਮਹੱਤਵ ਸਮਝਾਉਣ ਦਾ ਹੈ। ਮੇਰੇ ਵਰਗੇ ਲੋਕਾਂ ਨੂੰ ਹੀ ਇਸ ਤਰ੍ਹਾਂ ਕਰਨਾ ਹੋਵੇਗਾ ਅਤੇ ਜਨਤਾ ਨੂੰ ਦੱਸਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਮੇਰੇ ਇਸ ਤਰ੍ਹਾਂ ਕਰਨ ਨਾਲ ਹੋਰ ਲੋਕ ਅੱਗੇ ਆ ਕੇ ਹੜ੍ਹ 'ਚ ਫਸੇ ਹੋਏ ਲੋਕਾਂ ਦੀ ਮਦਦ ਕਰਨਗੇ। ਮੇਰਾ ਮੰਨਣਾ ਹੈ ਕਿ ਇਹ ਮੇਰਾ ਫਰਜ਼ ਹੈ ਕਿ ਅੱਗੇ ਆਓ ਅਤੇ ਹੜ੍ਹ ਤੋਂ ਪਰੇਸ਼ਾਨ ਲੋਕਾਂ ਦੀ ਮਦਦ ਕਰੋ।

ਕਰੋੜਾਂ ਦੀ ਸੰਪਤੀ ਤਬਾਹ
ਰਾਜ ਦੇ ਕਈ ਸਥਾਨਾਂ 'ਤੇ ਬਚਾਅ ਅਭਿਆਨ ਜਾਰੀ ਹੈ। ਏਰਨਾਕੁਲਮ, ਤ੍ਰਿਚੂਰ ਅਤੇ ਚੇਂਗਨਰ ਜ਼ਿਲਿਆਂ 'ਚ ਕੁਝ ਲੋਕਾਂ ਦੀ ਮੌਤ ਦੀ ਖਬਰ ਹੈ। ਮੀਂਹ ਤੋਂ ਜ਼ਿਆਦਾਤਰ ਪ੍ਰਭਾਵਿਤ ਜ਼ਿਲਿਆਂ 'ਚ ਅਲੁਵਾ, ਚਲਾਕੁਡੀ, ਅਲਾਪੱਝਾ, ਚੇਂਗਨੂਰ ਅਤੇ ਪਤਨਮਤਿਟਾ ਆਦਿ ਇਲਾਕੇ ਸ਼ਾਮਲ ਹਨ। 9 ਅਗਸਤ ਤੋਂ ਸ਼ੁਰੂ ਹੋਏ ਮੀਂਹ ਨੇ ਲੱਖਾਂ ਲੋਕਾਂ ਦੇ ਘਰ ਉਜਾੜ ਦਿੱਤੇ ਅਤੇ ਕਰੋੜਾਂ ਰੁਪਏ ਦੀ ਸੰਪਤੀ ਨੂੰ ਤਬਾਹ ਕਰ ਦਿੱਤਾ। ਹਾਲਾਂਕਿ ਸ਼ਨੀਵਾਰ ਨੂੰ ਮੀਂਹ ਘੱਟ ਪੈਣ ਨਾਲ ਇਡੁੱਕੀ ਬੰਨ੍ਹ ਦਾ ਜਲ ਪੱਧਰ ਵੀ ਘੱਟ ਹੋਇਆ ਪਰ ਬੰਨ੍ਹ ਦੋਬਾਰਾ ਤੋਂ ਖੁੱਲ੍ਹੇ ਰਹਿਣ ਕਾਰਨ ਪਾਣੀ ਹੁਣ ਵੀ ਬਾਹਰ ਨਿਕਲ ਰਿਹਾ ਹੈ।