ਕਸ਼ਮੀਰ ’ਚ ਬਰਫ਼ਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ, ਹਾਈਵੇਅ ਬੰਦ, ਉਡਾਣਾਂ ਰੱਦ

01/06/2021 3:14:13 PM

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਘਾਟੀ ਵਿਚ ਭਾਰੀ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਅਤੇ ਮੁਗ਼ਲ ਰੋਡ ਬੰਦ ਰਹਿਣ ਕਾਰਨ ਲਗਾਤਾਰ ਚੌਥੇ ਦਿਨ ਬੁੱਧਵਾਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਘਾਟੀ ਦਾ ਸੰਪਰਕ ਕੱਟਿਆ ਰਿਹਾ। ਹਵਾਈ ਉਡਾਣਾਂ ਦਾ ਪਰਿਚਾਲਨ ਵੀ ਰੱਦ ਹੈ। ਐਤਵਾਰ ਨੂੰ ਬਰਫ਼ਬਾਰੀ ਸ਼ੁਰੂ ਹੋਈ ਅਤੇ ਹੁਣ ਤੱਕ ਕਈ ਇਲਾਕਿਆਂ ’ਚ ਬਰਫ਼ ਪੈਣ ਦਾ ਸਿਲਸਿਲਾ ਜਾਰੀ ਹੈ। ਮੌਸਮ ਮਹਿਕਮੇ ਨੇ ਦੱਸਿਆ ਕਿ ਦੁਪਹਿਰ ਬਾਅਦ ਮੌਸਮ ’ਚ ਕੁਝ ਸੁਧਾਰ ਆਉਣ ਦੀ ਸੰਭਾਵਨਾ ਹੈ। ਟ੍ਰੈਫਿਕ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਦੀ ਆਗਿਆ ਨਹੀਂ ਹੈ, ਕਿਉਂਕਿ ਉੱਥੇ ਬਰਫ਼ ਜਮੀਂ ਹੋਈ ਹੈ ਅਤੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਵਾਹਰ ਸੁਰੰਗ ਨੇੜੇ ਬਰਫ਼ ਜਮ੍ਹਾ ਹੋਣ ਨਾਲ ਹਾਈਵੇਅ ਬੰਦ ਹੈ। 

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ ਬਰਫ਼ਬਾਰੀ ਹੋਈ ਹੈ। ਬਰਫ਼ ਹਟਾਉਣ ਦਾ ਕੰਮ ਜਾਰੀ ਹੈ ਅਤੇ 260 ਕਿਲੋਮੀਟਰ ਲੰਬੇ ਹਾਈਵੇਅ ’ਤੇ ਫਸੇ ਵਾਹਨਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਨੰਤਨਾਗ ਜ਼ਿਲ੍ਹੇ ਵਿਚ ਵੀ ਭਾਰੀ ਬਰਫ਼ਬਾਰੀ ਹੋਈ। ਸ਼੍ਰੀਨਗਰ ਸ਼ਹਿਰ ਵਿਚ ਪਿਛਲੇ 3 ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ ਅਤੇ ਅੰਤਰ-ਜ਼ਿਲ੍ਹਾ ਮਾਰਗਾਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਤਹਿਸੀਲ ਨਾਲ ਜੋੜਨ ਵਾਲੇ ਮੁੱਖ ਮਾਰਗਾਂ ’ਤੇ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਅਧਿਕਾਰੀਆਂ ਮੁਤਾਬਕ ਬਰਫ਼ਬਾਰੀ ਅਤੇ ਖ਼ਰਾਬ ਵਿਜ਼ੀਬਿਲਟੀ ਦੀ ਵਜ੍ਹਾ ਕਰ ਕੇ ਸ਼੍ਰੀਨਗਰ ਹਵਾਈ ਅੱਡੇ ’ਤੇ ਚੌਥੇ ਦਿਨ ਵੀ ਜਹਾਜ਼ ਸੇਵਾ ਬਹਾਲ ਨਹੀਂ ਹੋ ਸਕੀ। ਅਗਲੇ 24 ਘੰਟਿਆਂ ਵਿਚ ਜੰਮੂ-ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਹਲਕਾ ਮੀਂਹ ਅਤੇ ਬਰਫ਼ਬਾਰੀ ਪੈ ਸਕਦੀ ਹੈ ਪਰ ਵੀਰਵਾਰ ਤੋਂ 14 ਜਨਵਰੀ ਤੱਕ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਨਹੀਂ ਹੈ।


Tanu

Content Editor

Related News