ਆਸਾਮ : ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਸੋਗ

04/17/2022 5:48:18 PM

ਗੁਹਾਟੀ (ਭਾਸ਼ਾ)- ਆਸਾਮ ਦੇ ਵਿਸ਼ਵਨਾਥ ਜ਼ਿਲ੍ਹੇ 'ਚ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਗੋਹਪੁਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਬੀਹੂ ਟੀਮ ਦੇ ਕੁਝ ਮੈਂਬਰ ਅੱਧੀ ਰਾਤ ਦੇ ਕਰੀਬ ਆਪਣਾ ਪ੍ਰੋਗਰਾਮ ਕਰਕੇ ਘਰ ਪਰਤ ਰਹੇ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਦੇ ਕੰਟਰੋਲ ਗੁਆਉਣ ਕਾਰਨ ਵਾਹਨ ਪਲਟ ਗਿਆ, ਜਿਸ ਕਾਰਨ ਇਹ ਹਾਦਸਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਤਿੰਨ ਕੁੜੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਜੇ ਬਾਸੁਮਾਤਾਰੀ (17), ਕੋਲੀਮਨ ਬਾਸੁਮਾਤਾਰੀ (21), ਬੋਰਨਾਲੀ ਬੋਰੋ (15), ਬੁੱਧੀਮੋਤੀ ਬੋਰੋ (14) ਅਤੇ ਰਾਧਿਕਾ ਦਾਮਰੀ (15) ਵਜੋਂ ਹੋਈ ਹੈ। ਉਨ੍ਹਾਂ ਕਿਹਾ,"5 ਹੋਰ ਜ਼ਖ਼ਮੀ ਹੋਏ ਹਨ ਅਤੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।''

PunjabKesari

ਮੁਢਲੀ ਜਾਂਚ 'ਚ ਹਾਦਸੇ ਦਾ ਕਾਰਨ ਵਾਹਨ ਦੀ ਤੇਜ਼ ਰਫਤਾਰ ਦੱਸੀ ਜਾ ਰਹੀ ਹੈ ਪਰ ਇਸ ਦੀ ਪੁਸ਼ਟੀ ਪੂਰੀ ਜਾਂਚ ਤੋਂ ਬਾਅਦ ਹੀ ਹੋ ਕੀਤੀ ਜਾ ਸਕੇਗੀ। ਅਧਿਕਾਰੀ ਨੇ ਦੱਸਿਆ ਕਿ ਵਾਹਨ 'ਚ ਲਗਭਗ 20 ਲੋਕ ਸਵਾਰ ਸਨ ਅਤੇ ਚਾਲਕ ਹਾਦਸੇ ਤੋਂ ਬਾਅਦ ਤੁਰੰਤ ਮੌਕੇ 'ਤੇ ਫਰਾਰ ਹੋ ਗਿਆ ਅਤੇ ਉਸ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,“ਅਸਾਮ ਦੇ ਵਿਸ਼ਵਨਾਥ ਜ਼ਿਲ੍ਹੇ 'ਚ ਸੜਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਜਲਦੀ ਠੀਕ ਹੋ ਜਾਣ।” ਮੁੱਖ ਮੰਤਰੀ ਸਰਮਾ ਨੇ ਟਵੀਟ ਕੀਤਾ,“ਕੁਝ ਲੋਕ ਬੀਹੂ ਸਮਾਰੋਹ ਤੋਂ ਘਰ ਪਰਤ ਰਹੇ ਸਨ। ਪ੍ਰਸ਼ਾਸਨ ਨੂੰ ਸਥਿਤੀ 'ਤੇ ਨਜ਼ਰ ਰੱਖਣ ਅਤੇ ਜ਼ਖ਼ਮੀਆਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।''


DIsha

Content Editor

Related News