ਹਿਮਾਚਲ ਵਿਧਾਨ ਸਭਾ ਦਾ ਪਹਿਲਾ ਸਰਦ ਰੁੱਤ ਸੈਸ਼ਨ ਭਲਕੇ ਹੋਵੇਗਾ ਸ਼ੁਰੂ

01/03/2023 4:12:57 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਪਹਿਲਾ ਸਰਦ ਰੁੱਤ ਸੈਸ਼ਨ ਭਲਕੇ ਯਾਨੀ ਬੁੱਧਵਾਰ ਤੋਂ ਧਰਮਸ਼ਾਲਾ ਦੇ ਤਪੋਵਨ 'ਚ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ 4 ਤੋਂ 6 ਜਨਵਰੀ ਤੱਕ ਚੱਲੇਗਾ, ਜਿਸ 'ਚ ਤਿੰਨ ਬੈਠਕਾਂ ਰੱਖੀਆਂ ਗਈਆਂ ਹਨ। ਪਹਿਲੇ ਦਿਨ ਜਵਾਲੀ ਤੋਂ ਵਿਧਾਇਕ ਅਤੇ ਪ੍ਰੋਟੇਮ ਸਪੀਕਰ ਚੰਦਰ ਕੁਮਾਰੀ ਸਾਰੇ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਸ ਤੋਂ ਬਾਅਦ ਸਾਰੇ ਵਿਧਾਇਕਾਂ ਦਾ ਸੇਵਾਕਾਲ ਸ਼ੁਰੂ ਹੋਵੇਗਾ। ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਸਪੀਕਰ ਦੀ ਚੋਣ ਹੋਵੇਗੀ। ਸਪੀਕਰ ਚੁਣਨ ਦੀ ਪ੍ਰਕਿਰਿਆ ਪ੍ਰੋਟੇਮ ਸਪੀਕਰ ਦੀ ਅਗਵਾਈ 'ਚ ਪੂਰੀ ਕੀਤੀ ਜਾਵੇਗੀ।

ਸਪੀਕਰ ਦੀ ਚੋਣ ਤੋਂ ਬਾਅਦ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਦਾ ਭਾਸ਼ਣ ਹੋਵੇਗਾ। ਤੀਜੇ ਅਤੇ ਆਖ਼ਰੀ ਦਿਨ ਭਾਸ਼ਣ 'ਤੇ ਚਰਚਾ ਅਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਜਵਾਬ ਦੇਣਗੇ। ਸੈਸ਼ਨ ਤੋਂ ਪਹਿਲਾਂ ਕਾਂਗਰਸ-ਭਾਜਪਾ ਨੇ ਅੱਜ ਸ਼ਾਮ 7 ਵਜੇ ਵਿਧਾਇਕ ਦਲ ਦੀ ਬੈਠਕ ਬੁਲਾਈ, ਜਿਸ 'ਚ ਸੈਸ਼ਨ ਨੂੰ ਲੈ ਕੇ ਦੋਵੇਂ ਦਲ ਆਪਣੀ-ਆਪਣੀ ਰਣਨੀਤੀ ਤਿਆਰ ਕਰਨਗੇ। ਭਾਜਪਾ ਵਿਧਾਇਕ ਦਲ ਦੀ ਬੈਠਕ ਧਰਮਸ਼ਾਲਾ ਦੇ ਨਿੱਜੀ ਹੋਟਲ 'ਚ ਰੱਖੀ ਗਈ ਹੈ। ਸੈਸ਼ਨ ਦੇ ਪਹਿਲੇ ਹੀ ਦਿਨ ਭਾਜਪਾ ਕੈਬਨਿਟ ਵਿਸਥਾਰ 'ਚ ਦੇਰੀ ਅਤੇ ਦਫ਼ਤਰ ਬੰਦ ਕਰਨ ਦੇ ਮਸਲੇ ਨੂੰ ਉਠਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਸੈਸ਼ਨ ਦੀ ਮਿਆਦ ਘੱਟ ਹੋਣ ਕਾਰਨ ਵਿਰੋਧੀ ਧਿਰ ਨੂੰ ਇਸ ਲਈ ਜ਼ਿਆਦਾ ਸਮਾਂ ਨਹੀਂ ਮਿਲ ਸਕੇਗਾ।

DIsha

This news is Content Editor DIsha