ਗਣਤੰਤਰ ਦਿਵਸ ਪਰੇਡ ’ਚ ਗਰਜੇਗਾ ‘ਰਾਫ਼ੇਲ’ ਜਹਾਜ਼, ਆਸਮਾਨ ’ਚ ਦਿਖਾਏਗਾ ਕਲਾਬਾਜ਼ੀਆਂ

01/18/2021 6:24:43 PM

ਨਵੀਂ ਦਿੱਲੀ— ਭਾਰਤੀ ਹਵਾਈ ਫ਼ੌਜ ’ਚ ਹਾਲ ਹੀ ’ਚ ਸ਼ਾਮਲ ‘ਰਾਫ਼ੇਲ’ ਲੜਾਕੂ ਜਹਾਜ਼ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਵੇਗਾ। ਗਣਤੰਤਰ ਦਿਵਸ ਦੇ ਫਲਾਈਪਾਸਟ ਦਾ ਸਮਾਪਨ ਇਸ ਜਹਾਜ਼ ਦੇ ‘ਵਰਟੀਕਲ ਚਾਰਲੀ ਫਾਰਮੇਸ਼ਨ’ ’ਚ ਉਡਾਣ ਭਰਨ ਨਾਲ ਹੋਵੇਗਾ। ਇਹ ਜਾਣਕਾਰੀ ਭਾਰਤੀ ਹਵਾਈ ਫ਼ੌਜ ਨੇ ਸੋਮਵਾਰ ਨੂੰ ਦਿੱਤੀ।

ਇਹ ਵੀ ਪੜੋ੍ਹ: ਕਿਸਾਨ ਅੰਦੋਲਨ: ‘ਟਰੈਕਟਰ ਪਰੇਡ’ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ ਟਲੀ

ਦਰਅਸਲ ‘ਵਰਟੀਕਲ ਚਾਰਲੀ ਫਾਰਮੇਸ਼ਨ’ ’ਚ ਜਹਾਜ਼ ਘੱਟ ਉੱਚਾਈ ’ਤੇ ਉਡਾਣ ਭਰਦਾ ਹੈ ਅਤੇ ਸਿੱਧੇ ਉੱਪਰ ਜਾਂਦਾ ਹੈ, ਉਸ ਤੋਂ ਬਾਅਦ ਕਲਾਬਾਜ਼ੀ ਖਾਂਦੇ ਹੋਏ ਫਿਰ ਇਕ ਉੱਚਾਈ ’ਤੇ ਸਥਿਰ ਹੋ ਜਾਂਦਾ ਹੈ। ਓਧਰ ਵਿੰਗ ਕਮਾਂਡਰ ਇੰਦਰਾਨਿਲ ਨੰਦੀ ਨੇ ਕਿਹਾ ਕਿ ਫਲਾਈਪਾਸਟ ਦਾ ਸਮਾਪਨ ਇਕ ਰਾਫ਼ੇਲ ਜਹਾਜ਼ ਵਲੋਂ  ‘ਵਰਟੀਕਲ ਚਾਰਲੀ ਫਾਰਮੇਸ਼ਨ’ ਤੋਂ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ 26 ਜਨਵਰੀ ਨੂੰ ਫਲਾਈਪਾਸਟ ’ਚ ਹਵਾਈ ਫ਼ੌਜ ਦੇ ਕੁੱਲ 38 ਜਹਾਜ਼ ਅਤੇ ਭਾਰਤੀ ਥਲ ਸੈਨਾ ਦੇ 4 ਜਹਾਜ਼ ਸ਼ਾਮਲ ਹੋਣਗੇ।

ਇਹ ਵੀ ਪੜੋ੍ਹ: ‘ਚੌਥੀ ਵਾਰ ਬਿਨਾਂ ਮੁੱਖ ਮਹਿਮਾਨ ਦੇ ਹੋਵੇਗਾ ਗਣਤੰਤਰ ਦਿਵਸ ਸਮਾਰੋਹ’

ਦੱਸਣਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਫਰਾਂਸ ਤੋਂ ਖਰੀਦੇ 5ਵੀਂ ਪੀੜ੍ਹੀ ਦੇ ਅਤਿਆਧੁਨਿਕ ਲੜਾਕੂ ਜਹਾਜ਼ ਰਾਫ਼ੇਲ ਨੂੰ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ’ਚ ਉਤਾਰ ਰਹੀ ਹੈ। ਇਹ ਜਹਾਜ਼ ਪਰੇਡ ਦਾ ਮੁੱਖ ਖਿੱਚ ਦਾ ਕੇਂਦਰ ਰਹੇਗਾ। ਗਣਤੰਤਰ ਦਿਵਸ ’ਤੇ ਦੋ ਰਾਫ਼ੇਲ ਰਾਜਪਥ ’ਤੇ ਆਪਣਾ ਜੌਹਰ ਵਿਖਾਉਣਗੇ। ਦੱਸ ਦੇਈਏ ਕਿ ਇਸ ਵਾਰ 42 ਲੜਾਕੂ ਜਹਾਜ਼, ਹੈਲੀਕਾਪਟਰ ਅਤੇ ਟਰਾਂਸਪੋਰਟ ਜਹਾਜ਼ ਪਰੇਡ ਦੇ ਦਿਨ ਫਲਾਈ ਪਾਸਟ ’ਚ ਹਿੱਸਾ ਲੈਣਗੇ। ਇਨ੍ਹਾਂ ’ਚ ਮੁੱਖ ਖਿੱਚ ਦਾ ਕੇਂਦਰ ਰਾਫ਼ੇਲ ਹੋਵੇਗਾ। ਇਹ ਪਹਿਲਾ ਮੌਕਾ ਹੈ, ਜਦੋਂ ਰਾਫ਼ੇਲ ਰਾਜਪਥ ’ਤੇ ਵਰਟੀਕਲ ਚਾਰਲੀ ਫਾਰਮੇਸ਼ਨ ਵਿਚ ਆਪਣਾ ਜੌਹਰ ਦਿਖਾਉਂਦੇ ਹੋਏ ਸਲਾਮੀ ਦੇਵੇਗਾ। ਹਵਾਈ ਫ਼ੌਜ ਨੇ ਫਰਾਂਸ ਤੋਂ 36 ਰਾਫ਼ੇਲ ਜਹਾਜ਼ ਖਰੀਦ ਦਾ ਸੌਦਾ ਕੀਤਾ ਹੈ, ਜਿਸ ’ਚੋਂ 8 ਜਹਾਜ਼ਾਂ ਦੀ ਸਪਲਾਈ ਹੋ ਚੁੱਕੀ ਹੈ।

ਇਹ ਵੀ ਪੜੋ੍ਹ: ਕਿਸਾਨੀ ਘੋਲ: 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿਚ ਚੱਲ ਰਿਹੈ ‘ਟਰਾਇਲ ਰਨ’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu