ਅੱਜ ਤੋਂ ਸ਼ੁਰੂ ਹੋਵੇਗਾ ਦੇਸ਼ ਦਾ ਪਹਿਲਾ 'ਗਾਰਬੇਜ ਕੈਫੇ'

10/09/2019 1:43:24 PM

ਅੰਬਿਕਾਪੁਰ—ਪਲਾਸਟਿਕ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਵਿਗੜ ਰਹੇ ਵਾਤਾਵਰਨ ਲਈ ਗੰਭੀਰ ਸਮੱਸਿਆ ਬਣ ਕੇ ਉਭਰਿਆ ਹੈ, ਜਿਸ ਕਾਰਨ ਦੇਸ਼ ਭਰ 'ਚ ਹੁਣ ਪਲਾਸਟਿਕ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਲਾਸਟਿਕ ਤੋਂ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਛੱਤੀਸਗੜ੍ਹ 'ਚ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸ ਦੇਈਏ ਕਿ ਅੱਜ ਅੰਬਿਕਾਪੁਰ 'ਚ ਦੇਸ਼ ਦਾ ਪਹਿਲਾ ਗਾਰਬੇਜ ਕੈਫੇ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਸੜਕ 'ਤੇ ਪਿਆ ਪਲਾਸਟਿਕ ਇੱਕਠਾ ਕਰਕੇ ਲਿਆਉਣ 'ਤੇ ਤੁਹਾਨੂੰ ਮੁਫਤ ਖਾਣਾ ਮਿਲੇਗਾ। ਸਿਹਤ ਮੰਤਰੀ ਟੀ. ਐੱਮ. ਸਿੰਘਦੇਵ ਗਾਰਬੇਜ ਕੈਫੇ ਦਾ ਉਦਘਾਟਨ ਕਰਨਗੇ।

ਅੰਬਿਕਾਪੁਰ ਨਗਰ ਨਿਗਮ ਨੇ ਪਲਾਸਟਿਕ ਕਚਰੇ ਦੇ ਬਦਲੇ ਨਾਗਰਿਕਾਂ ਨੂੰ ਮੁਫਤ ਖਾਣਾ ਉਪਲੱਬਧ ਕਰਵਾਉਣ ਲਈ ਗਾਰਬੇਜ ਕੈਫੇ ਖੋਲਿਆ ਹੈ। ਇਹ ਗਾਰਬੇਜ ਕੈਫੇ 24 ਘੰਟੇ ਖੁੱਲਾ ਰਹੇਗਾ। ਇੱਥੇ ਗਾਰਬੇਜ ਕੈਫੇ ਸ਼ੁਰੂ ਹੋਣ ਤੋਂ ਪਹਿਲਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਦੀ ਕਾਫੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਤੁਸੀਂ 1 ਕਿਲੋ ਪਲਾਸਟਿਕ ਲਿਆਉਂਦੇ ਹੋ ਤਾਂ ਉਸ ਦੇ ਬਦਲੇ ਤੁਹਾਨੂੰ ਇੱਕ ਵਾਰ ਦਾ ਪੇਟ ਭਰ ਭੋਜਨ ਮਿਲੇਗਾ, ਜਦਕਿ 500 ਗ੍ਰਾਮ ਪਲਾਸਟਿਕ ਦੇ ਕੇ ਤੁਸੀਂ ਬ੍ਰੇਕਫਾਸਟ ਕਰ ਸਕਦੇ ਹੋ। ਭੋਜਨ 'ਚ ਚਾਵਲ, ਰੋਟੀ, ਦਾਲ ਤੋਂ ਇਲਾਵਾ 2 ਤਰ੍ਹਾਂ ਦੀ ਸਬਜੀਆਂ, ਆਚਾਰ ਪਾਪੜੀ ਨਾਲ ਮਿਠਾਈ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਮਿਲਣਗੀਆਂ।

ਇਸ ਕੈਫੇ 'ਚ ਇੱਕਠੇ ਹੋਣ ਵਾਲੇ ਪਲਾਸਟਿਕ ਨੂੰ ਸੜਕ ਬਣਾਉਣ ਦੇ ਕੰਮ 'ਚ ਲਗਾਇਆ ਜਾਵੇਗਾ। ਦੱਸਣਯੋਗ ਹੈ ਕਿ ਅੰਬਿਕਾਪੁਰ ਨੂੰ ਇੰਦੌਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਸਿਹਤਮੰਦ ਸ਼ਹਿਰ ਐਲਾਨ ਕੀਤਾ ਗਿਆ ਹੈ।

Iqbalkaur

This news is Content Editor Iqbalkaur