ਮੋਦੀ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਵਿਚ ਕਿਸਾਨਾਂ ਨੂੰ ਵੱਡਾ ਤੋਹਫਾ
Friday, May 31, 2019 - 06:37 PM (IST)
ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਕੈਬਨਿਟ ਦੀ ਬੈਠਕ 'ਚ ਸ਼ਹੀਦਾਂ ਦੇ ਪਰਿਵਾਰਾਂ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਇਸ ਬੈਠਕ 'ਚ ਸ਼ਹੀਦਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦੀ ਰਕਮ 'ਚ ਵਾਧਾ ਕੀਤਾ ਗਿਆ ਹੈ। ਨੈਸ਼ਨਲ ਡਿਫੈਂਸ ਫੰਡ ਤਹਿਤ ਇਸ 'ਚ ਵਾਧਾ ਕੀਤਾ ਗਿਆ। ਲੜਕਿਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ 'ਚ 500 ਰੁਪਏ ਅਤੇ ਲੜਕੀਆਂ ਦੀ ਸਕਾਲਰਸ਼ਿਪ 'ਚ 750 ਰੁਪਏ ਦਾ ਵਾਧਾ ਕੀਤਾ ਗਿਆ। ਇਸ ਦਾ ਮਤਲਬ ਹੁਣ ਲੜਕਿਆਂ ਨੂੰ 2000 ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਅਤੇ ਲੜਕੀਆਂ ਨੂੰ 2250 ਰੁਪਏ ਤੋਂ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਮਿਲੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਾਡੀ ਕੈਬਨਿਟ ਦਾ ਇਹ ਫੈਸਲਾ ਦੇਸ਼ ਦੀ ਸੁਰੱਖਿਆ ਕਰਨ ਵਾਲਿਆਂ ਨੂੰ ਸਮਰਪਿਤ ਹੈ। ਮੋਦੀ ਸਰਕਾਰ ਦੀ ਇਸ ਪਹਿਲੀ ਕੈਬਨਿਟ ਮੀਟਿੰਗ ਦੇ ਸੰਸਦ ਸੈਸ਼ਨ ਦੀ ਤਰੀਕ ਬਾਰੇ ਵੀ ਚਰਚਾ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਦਾਇਰਾ ਹੁਣ ਵਧ ਗਿਆ ਹੈ। ਇਸ ਦੇ ਤਹਿਤ ਹੁਣ ਇਸ ਸਕੀਮ ਦਾ ਲਾਭ ਫੌਜ ਤੇ ਨੀਮ ਫੌਜੀ ਬਲਾਂ ਤੋਂ ਇਲਾਵਾ ਸੂਬਾ ਪੁਲਸ ਦੇ ਉਨ੍ਹਾਂ ਜਵਾਨ ਬੱਚਿਆਂ ਨੂੰ ਵੀ ਮਿਲੇਗਾ। ਇਸ ਕੋਟੇ ਦਾ ਲਾਭ ਇਕ ਸਾਲ 'ਚ 500 ਨੂੰ ਮਿਲੇਗਾ। ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਸੂਬਾ ਪੁਲਸ ਦੇ ਉਨ੍ਹਾਂ ਜਵਾਨਾਂ ਦੇ ਬੱਚਿਆਂ ਨੂੰ ਮਿਲੇਗਾ, ਜੋ ਡਿਊਟੀ ਦੌਰਾਨ ਜਾਂ ਨਕਸਲੀ ਹਮਲੇ ਦੌਰਾਨ ਸ਼ਹੀਦ ਹੋਏ ਹਨ। ਰਾਸ਼ਟਰੀ ਸੁਰੱਖਿਆ ਨਿਧੀ ਦੇ ਤਹਿਤ ਆਉਣ ਵਾਲੀ ਪ੍ਰਾਈਮ ਮਿਨਿਸਟਰ ਸਕਾਲਰਸ਼ਿਪ ਸਕੀਮ 'ਚ ਵੱਡਾ ਬਦਲਾਅ ਕੀਤਾ ਗਿਆ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਬਾਰਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਭਾਵ ਸ਼ੁੱਕਰਵਾਰ ਨੂੰ ਪਹਿਲੀ ਕੈਬਨਿਟ ਬੈੈਠਕ ਬੁਲਾਈ ਗਈ ਅਤੇ ਬੈਠਕ ਸ਼ੁਰੂ ਕਰਨ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿੱਤੀ ਅਤੇ ਬਾਅਦ 'ਚ ਬੈਠਕ ਸ਼ੁਰੂ ਕੀਤੀ। ਕੈਬਨਿਟ ਦੀ ਪਹਿਲੀ ਬੈਠਕ 'ਚ ਸ਼ਾਮਲ ਹੋਣ ਲਈ ਪੀ. ਐੱਮ. ਨਰਿੰਦਰ ਮੋਦੀ ਤੋਂ ਇਲਾਵਾ ਰਾਜਨਾਥ ਸਿੰਘ , ਸਮ੍ਰਿਤੀ ਈਰਾਨੀ, ਅਬਾਸ ਨਕਵੀ, ਧਰਮਿੰਦਰ ਪ੍ਰਧਾਨ , ਨਿਰਮਲਾ ਸੀਤਾਰਮਨ , ਜਤਿੰਦਰ ਸਿੰਘ , ਗਿਰੀਰਾਜ ਅਤੇ ਅਰਵਿੰਦ ਸਾਵੰਤ ਵੀ ਪਹੁੰਚੇ।
