ਅਦਾਲਤ ’ਚ ਪੇਸ਼ੀ ਮਗਰੋਂ ਘਰ ਪਰਤ ਰਹੇ ਸਨ ਨੌਜਵਾਨ, ਬਾਈਕ ਸਵਾਰਾਂ ਨੇ ਵਰ੍ਹਾਈਆਂ ਗੋਲੀਆਂ

04/01/2021 6:36:35 PM

ਭਿਵਾਨੀ (ਭਾਸ਼ਾ)— ਹਰਿਆਣਾ ਦੇ ਚਰਖੀ ਦਾਦਰੀ ’ਚ ਅਦਾਲਤ ’ਚ ਪੇਸ਼ੀ ਤੋਂ ਬਾਅਦ ਘਰ ਪਰਤ ਰਹੇ ਨੌਜਵਾਨਾਂ ’ਤੇ ਵੀਰਵਾਰ ਯਾਨੀ ਕਿ ਅੱਜ 6 ਬਦਮਾਸ਼ਾਂ ਨੇ ਗੋਲੀਬਾਰੀ ਕੀਤੀ, ਜਿਸ ’ਚੋਂ ਇਕ ਨੌਜਵਾਨ ਜ਼ਖਮੀ ਹੋ ਗਿਆ। ਐੱਸ. ਪੀ. ਰਾਮ ਸਿੰਘ ਬਿਸ਼ਨੋਈ ਨੇ ਦੱਸਿਆ ਕਿ ਅਦਾਲਤ ’ਚ ਪੇਸ਼ੀ ਤੋਂ ਬਾਅਦ ਕਾਰ ਰਾਹੀਂ ਘਰ ਜਾ ਰਹੇ ਨੌਜਵਾਨਾਂ ’ਤੇ ਗੋਲੀਬਾਰੀ ਕੀਤੀ ਗਈ, ਜਿਸ ’ਚ ਚੰਦਰਪਾਲ ਨਾਮੀ ਨੌਜਵਾਨ ਜ਼ਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਨੌਜਵਾਨ ਨੂੰ ਦਾਦਰੀ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

ਪੁਲਸ ਨੇ ਦੱਸਿਆ ਕਿ ਸ਼ਹਿਰ ਦੇ ਚਰਖੀ ਗੇਟ ਵਾਸੀ ਚੰਦਰਪਾਲ ਫੋਗਾਟ, ਸੰਦੀਪ, ਦੀਪਕ, ਉਮੇਦ ਅਤੇ ਬਲਵੰਤ ਵੀਰਵਾਰ ਨੂੰ ਇਕ ਕੇਸ ਦੀ ਸੁਣਵਾਈ ਦੇ ਸਿਲਸਿਲੇ ਵਿਚ ਦਾਦਰੀ ਅਦਾਲਤ ਵਿਚ ਗਏ ਸਨ ਅਤੇ ਪੇਸ਼ੀ ਮਗਰੋਂ ਉਹ ਸਾਰੇ ਚੰਦਰਪਾਲ ਦੇ ਘਰ ਜਾਣ ਲਈ ਨਿਕਲੇ ਸਨ। ਪੁਲਸ ਮੁਤਾਬਕ ਇਸ ਦੌਰਾਨ ਮਧੁਰੀ ਘਾਟੀ ਨੇੜੇ ਤਿੰਨ ਬਾਈਕ ਸਵਾਰ 6 ਬਦਮਾਸ਼ਾਂ ਨੇ ਇਨ੍ਹਾਂ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਚੰਦਰਪਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

ਪੁਲਸ ਮਾਮਲੇ ਨੂੰ ਗੈਂਗਵਾਰ ਨਾਲ ਵੀ ਜੋੜ ਕੇ ਵੇਖ ਰਹੀ ਹੈ, ਕਿਉਂਕਿ ਜਿਨ੍ਹਾਂ ਨੌਜਵਾਨਾਂ ’ਤੇ ਗੋਲੀਬਾਰੀ ਕੀਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਵੀ ਕਈ ਅਪਰਾਧਕ ਕੇਸ ਦਰਜ ਹਨ। ਬਿਸ਼ਨੋਈ ਨੇ ਦੱਸਿਆ ਕਿ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਪੁਲਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਲਈ ਗਈ ਹੈ, ਤਾਂ ਕਿ ਦੋਸ਼ੀਆਂ ਦੀ ਪਹਿਚਾਣ ਵਿਚ ਮਦਦ ਮਿਲ ਸਕੇ। 

Tanu

This news is Content Editor Tanu