ਭੋਪਾਲ ਦੇ ਹਮੀਦੀਆ ਹਸਪਤਾਲ ’ਚ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ, ਬਚਾਏ ਗਏ 36 ਨਵਜਾਤ

11/09/2021 10:11:22 AM

ਭੋਪਾਲ (ਵਾਰਤਾ)- ਭੋਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਕੰਪਲੈਕਸ ’ਚ ਕਮਲਾ ਨਹਿਰੂ ਹਸਪਤਾਲ ਦੀ ਤੀਜੀ ਮੰਜ਼ਲ ਸਥਿਤ ਸ਼ਿਸ਼ੂ ਵਾਰਡ (ਸਪੈਸ਼ਲ ਨਿਊਬੋਰਨ ਕੇਅਰ ਯੂਨਿਟ) ’ਚ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਉੱਥੇ ਹੀ ਲਗਭਗ 36 ਬੱਚਿਆਂ ਨੂੰ ਹੋਰ ਸੁਰੱਖਿਅਤ ਸਥਾਨ ’ਤੇ ਸ਼ਿਫਟ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਸੂਤਰਾਂ ਅਨੁਸਾਰ ਹਸਪਤਾਲ ਦੀ ਤੀਜੀ ਮੰਜ਼ਲ ਸਥਿਤ ਸ਼ਿਸ਼ੂ ਵਾਰਡ ਦੇ ਵੈਂਟੀਲੇਟਰ ’ਚ ਸੋਮਵਾਰ ਰਾਤ ਲਗਭਗ 9 ਵਜੇ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਇਹ ਵਾਰਡ ਦੇ ਕੁਝ ਹਿੱਸਿਆਂ ’ਚ ਫੈਲ ਗਈ। ਇਸ ਕਾਰਨ ਵਾਰਡ ਦੇ ਉਪਕਰਣ ਆਦਿ ਸੜ ਗਏ ਅਤੇ ਉਸ ’ਚ ਧੂੰਆਂ ਫੈਲ ਗਿਆ। ਇਸ ਵਿਚ ਡਾਕਟਰਾਂ ਅਤੇ ਨਰਸਾਂ ਆਦਿ ਦੀ ਮਦਦ ਨਾਲ ਬੱਚਿਆਂ ਨੂੰ ਉੱਥੇ ਹਟਾ ਕੇ ਹੋਰ ਸਥਾਨ ’ਤੇ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਹੋਈ ਪਰ ਚਾਰ ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ।

ਇਨ੍ਹਾਂ ਬੱਚਿਆਂ ਦੀ ਉਮਰ ਇਕ ਦਿਨ ਤੋਂ ਲੈ ਕੇ 9 ਦਿਨ ਤੱਕ ਹੈ। ਬਾਕੀ 36 ਬੱਚਿਆਂ ਨੂੰ ਹਸਪਤਾਲ ਦੇ ਪ੍ਰਭਾਵਿਤ ਵਾਰਡ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੀ ਸੂਚਨਾ ’ਤੇ ਅੱਗ ਬੁਝਾਊ ਕਰਮੀ ਅਤੇ ਪੁਲਸ ਕਰਮੀ ਪੁੱਜੇ ਅਤੇ ਅੱਗ ’ਤੇ ਕਾਬੂ ਪਾਇਆ। ਘਟਨਾ ਦੇ ਕੁਝ ਦੇਰ ਬਾਅਦ ਕੰਪਲੈਕਸ ’ਚ ਮੀਡੀਆ ਨਾਲ ਗੱਲਬਾਤ ਕਰਦ ਹੋਏ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਸੀ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਾਰੇ ਬੱਚੇ ਸੁਰੱਖਿਅਤ ਸਥਾਨ ’ਤੇ ਸ਼ਿਫਟ ਕਰ ਦਿੱਤੇ ਗਏ ਹਨ ਪਰ ਕੁਝ ਹੀ ਦੇਰ ਬਾਅਦ ਖ਼ਬਰ ਆਈ ਕਿ ਤਿੰਨ ਬੱਚਿਆਂ ਦੀ ਮੌਤ ਹੋਈ ਹੈ। ਬਾਅਦ ’ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4 ਹੋ ਗਈ। ਇਸ ਵਿਚ ਹਸਪਤਾਲ ਪ੍ਰਸ਼ਾਸਨ ਬੱਚਿਆਂ ਦੀ ਸਥਿਤੀ ’ਤੇ ਨਜ਼ਰ ਰੱਖੇ ਹੋਏ ਹੈ।

DIsha

This news is Content Editor DIsha