ਸੂਰਤ ਦੇ ਤਕਸ਼ਿਲਾ ਕੰਪਲੈਕਸ 'ਚ ਲੱਗੀ ਭਿਆਨਕ ਅੱਗ, 17 ਵਿਦਿਆਰਥੀਆਂ ਦੀ ਮੌਤ

05/24/2019 5:47:10 PM

ਸੂਰਤ – ਗੁਜਰਾਤ ਦੇ ਸੂਰਤ ਸ਼ਹਿਰ ਦੇ ਸਰਥਾਨਾ ਇਲਾਕੇ ਵਿਚ ਸ਼ੁੱਕਰਵਾਰ ਇਕ ਇਮਾਰਤ ਵਿਚ ਚੱਲ ਰਹੀ ਟਿਊਸ਼ਨ ਦੀ ਜਮਾਤ ਵਿਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 17 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਰੂਪ ਵਿਚ ਝੁਲਸ ਗਏ।

ਫਾਇਰ ਬ੍ਰਿਗੇਡ ਦੇ ਇਕ ਸਥਾਨਕ ਅਧਿਕਾਰੀ ਈਸ਼ਵਰ ਭਾਈ ਪਟੇਲ ਨੇ ਦੱਸਿਆ ਕਿ 5 ਮੰਜ਼ਿਲਾ ਇਮਾਰਤ ‘ਤਕਸ਼ਿਲਾ ਆਰਕੇਰਡ’ ਦੀ ਦੂਜੀ ਮੰਜ਼ਿਲ ’ਤੇ ਚੱਲ ਰਹੀ ਟਿਊਸ਼ਨ ਦੀ ਉਕਤ ਕਲਾਸ ਵਿਚ ਬਾਅਦ ਦੁਪਹਿਰ ਇਹ ਅੱਗ ਲੱਗ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 21 ਮੋਟਰ-ਗੱਡੀਆਂ ਮੌਕੇ ’ਤੇ ਪੁੱਜੀਆਂ। ਉਨ੍ਹਾਂ ਕਈ ਘੰਟਿਆਂ ਦੀ ਮਿਹਨਤ ਪਿੱਛੋਂ ਅੱਗ ’ਤੇ ਕਾਬੂ ਪਾਇਆ। 12 ਹੋਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਮੋਦੀ ਵਲੋਂ ਦੁਖ ਪ੍ਰਗਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁਖਾਂਤ ’ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਹੈ। ਉਨ੍ਹਾਂ ਜ਼ਖ਼ਮੀ ਵਿਦਿਆਰਥੀਆਂ ਦੇ ਜਲਦੀ ਤੰਦਰੁਸਤ ਹੋ ਜਾਣ ਦੀ ਕਾਮਨਾ ਕੀਤੀ। ਉਨ੍ਹਾਂ ਗੁਜਰਾਤ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਨੂੰ ਪ੍ਰਭਾਵਿਤ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ।

4-4 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ
ਗੁਜਰਾਤ ਸਰਕਾਰ ਨੇ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸਾਰੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਰਿਪੋਰਟ 3 ਦਿਨ ਅੰਦਰ ਦੇਣ ਲਈ ਕਿਹਾ ਗਿਆ ਹੈ। ਰੁਪਾਨੀ ਖੁਦ ਘਟਨਾ ਵਾਲੀ ਥਾਂ ਲਈ ਰਵਾਨਾ ਹੋਏ।

ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਹੋਇਆ ਹਾਦਸਾ : ਪਾਟਿਲ
ਸੂਬਾ ਸਰਕਾਰ ਨੇ ਘਟਨਾ ਦੀ ਜ਼ਿੰਮੇਵਾਰੀ ਸੂਰਤ ਮਹਾਨਗਰ ਪਾਲਿਕਾ ’ਤੇ ਸੁੱਟ ਦਿੱਤੀ ਹੈ। ਉਧਰ ਸੂਰਤ ਦੇ ਰਹਿਣ ਵਾਲੇ ਅਤੇ ਨਵਸਾਰੀ ਦੇ ਸੰਸਦ ਮੈਂਬਰ ਸੀ. ਆਰ. ਪਾਟਿਲ ਨੇ ਵੀ ਕਿਹਾ ਕਿ ਇਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਹੈ। ਨਵੰਬਰ 2018 ’ਚ ਵੀ ਇਸੇ ਤਰ੍ਹਾਂ ਹੀ ਟਿਊਸ਼ਨ ਸੈਂਟਰ ’ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਜਿਉਂ ਹੀ ਅੱਗ ਲੱਗੀ, ਅੰਦਰ ਮੌਜੂਦ ਵਿਦਿਆਰਥੀ ਉਤਰਨ ਲਈ ਹੇਠਾਂ ਪਹੁੰਚੇ ਪਰ ਅੱਗ ਕਾਰਨ ਉਹ ਮੁੜ ਕੇ ਚੌਥੀ ਮੰਜ਼ਿਲ ’ਤੇ ਚਲੇ ਗਏ। ਇਥੇ ਇਕ ਫਾਈਬਰ ਦੀ ਛੱਤ ਸੀ ਅਤੇ ਅੰਦਰ ਜਿਮ ਲਈ ਰੱਖੀ ਗਈ ਰਬੜ ਦੀ ਚਟਾਈ ਅਤੇ ਟਾਇਰਾਂ ਕਾਰਨ ਅੱਗ ਫੈਲੀ, ਜਿਸ ਕਾਰਨ ਬੱਚੇ ਅੱਗ ਦੀ ਲਪੇਟ ’ਚ ਅਾ ਗਏ।

ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ, ‘ਅਸੀਂ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਅਾ ਨਹੀਂ ਜਾਵੇਗਾ। ਸ਼੍ਰੀ ਪਟੇਲ ਨੇ ਕਿਹਾ ਕਿ ਕੋਚਿੰਗ ਕਲਾਸਾਂ ਛੱਤ ’ਤੇ ਸ਼ੈੱਡ ’ਚ ਚੱਲ ਰਹੀਆਂ ਸਨ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਉਹ ਉਸਾਰੀ ਕਾਰਜ ਨਾਜਾਇਜ਼ ਤਾਂ ਨਹੀਂ ਹਨ।

ਛੱਤ ’ਤੇ ਪਏ ਟਾਇਰਾਂ ਨੇ ਭੜਕਾਈ ਅੱਗ
ਈਮਾਰਤ ਦੀ ਛੱਤ ’ਤੇ ਸ਼ੈੱਡ ’ਚ ਕਈ ਟਾਇਰ ਪਏ ਸਨ। ਸ਼ਾਰਟ ਸਰਕਟ ਕਾਰਨ ਅੱਗ ਲੱਗਦੇ ਹੀ ਛੱਤ ’ਤੇ ਰੱਖੇ ਟਾਇਰਾਂ ਨੇ ਅੱਗ ਫੜ ਲਈ ਅਤੇ ਅੱਗ ਹੋਰ ਭੜਕ ਪਈ।

ਫਾਇਰ ਸੇਫਟੀ ਦੀ ਘਾਟ ਸਬੰਧੀ 4 ਮਹੀਨੇ ਪਹਿਲਾਂ ਜਾਰੀ ਹੋਇਆ ਸੀ ਨੋਟਿਸ
ਈਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ ’ਤੇ ਉਸਾਰੀ ਦਾ ਕੰਮ ਨਾਜਾਇਜ਼ ਸੀ। ਉਥੇ ਫਾਇਰ ਸੇਫਟੀ ਦੀ ਸਹੂਲਤ ਨਹੀਂ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਮਾਮਲੇ ’ਚ ਮਹਾਪਾਲਿਕਾ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਈਮਾਰਤ ਨੂੰ 4 ਮਹੀਨੇ ਪਹਿਲਾਂ ਹੀ ਫਾਇਰ ਸੇਫਟੀ ਨਾ ਹੋਣ ਕਾਰਨ ਨੋਟਿਸ ਦਿੱਤਾ ਗਿਆ ਸੀ ਪਰ ਮਾਲਕਾਂ ਅਤੇ ਸੰਚਾਲਕਾਂ ਵੱਲੋਂ ਕਈ ਨੋਟਿਸ ਨਹੀਂ ਲਿਆ ਗਿਆ।

ਭੀੜ ਨੇ ਬਣਾਏ ਵੀਡੀਓ, ਹੋਏ ਵਾਇਰਲ
ਘਟਨਾ ਦੇ ਸਮੇਂ ਅੱਗ ਕਾਰਨ ਧੂੰਏਂ ਦਾ ਅਜਿਹਾ ਗੁਬਾਰ ਛਾਇਆ ਕਿ ਦੂਰੋਂ ਹਵਾ ’ਚ ਕਾਲਖ ਦੇਖੀ ਜਾ ਸਕਦੀ ਸੀ ਕਿਉਂਕਿ ਮੁੱਖ ਮਾਰਗ ’ਤੇ ਹੀ ਇਹ ਇਮਾਰਤ ਸਥਿਤ ਹੈ। ਇਸ ਲਈ ਆਸ-ਪਾਸ ਆਵਾਜਾਈ ਜਾਮ ਹੋ ਗਈ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਮੋਬਾਇਲਾਂ ’ਤੇ ਵੀਡੀਓ ਬਣਾ ਰਹੇ ਸਨ ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ।

ਅਗਲੇ ਹੁਕਮਾਂ ਤੱਕ ਸਾਰੀਆਂ ਟਿਊਸ਼ਨ ਕਲਾਸਾਂ ਬੰਦ
ਅਹਿਮਦਾਬਾਦ ’ਚ ਸਾਰੀਆਂ ਟਿਊਸ਼ਨ ਕਲਾਸਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਨੇ ਹੁਕਮ ਦਿੱਤਾ ਹੈ ਕਿ ਪਹਿਲਾਂ ਸਾਰੀਆਂ ਕਲਾਸਾਂ ਦੀ ਜਾਂਚ ਕੀਤੀ ਜਾਵੇਗੀ, ਉਸ ਤੋਂ ਬਾਅਦ ਕਲਾਸਾਂ ਸ਼ੁਰੂ ਕਰਨ ਦਾ ਅਗਲਾ ਹੁਕਮ ਦਿੱਤਾ ਜਾਵੇਗਾ।

 

 

Iqbalkaur

This news is Content Editor Iqbalkaur