ਫਿਲਮਾਂ ਅਤੇ TV ਪ੍ਰੋਗਰਾਮਾਂ ਦੀ ਸ਼ੂਟਿੰਗ ਨੂੰ ਕੇਂਦਰ ਸਰਕਾਰ ਦੀ ਹਰੀ ਝੰਡੀ, ਮੰਨਣੇ ਪੈਣਗੇ ਇਹ ਨਿਯਮ

08/23/2020 1:15:09 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਹੁਣ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਬਾਬਤ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਖ਼ਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪ੍ਰਕਾਸ਼ ਜਾਵਡੇਕਰ ਨੇ ਐਤਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਫਿਲਮ ਅਤੇ ਟੀ. ਵੀ. ਪ੍ਰੋਗਰਾਮਾਂ ਦੀ ਸ਼ੂਟਿੰਗ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਜਾਰੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਅਤੇ ਸਿਹਤ ਮੰਤਰਾਲਾ ਦੇ ਨਿਰਦੇਸ਼ਾਂ ਤਹਿਤ ਸ਼ੂਟਿੰਗ ਹੋ ਸਕੇਗੀ। ਪਰ ਇਸ ਲਈ ਕੋਰੋਨਾ ਵਾਇਰਸ ਨਾਲ ਜੁੜੇ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ।


ਮੰਨਣੇ ਪੈਣਗੇ ਇਹ ਨਿਯਮ—
— ਸ਼ੂਟਿੰਗ ਦੌਰਾਨ ਕੈਮਰੇ ਦੇ ਸਾਹਮਣੇ ਕਲਾਕਾਰ ਅਤੇ ਉਨ੍ਹਾਂ ਦੇ ਸਹਿਯੋਗੀ ਮਾਸਕ ਨਹੀਂ ਪਹਿਨਣਗੇ ਪਰ ਹੋਰ ਲੋਕਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
— ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ।
— ਸ਼ੂਟਿੰਗ ਦੌਰਾਨ ਦਰਸ਼ਕ ਹਾਜ਼ਰ ਨਹੀਂ ਹੋਣਗੇ।
— ਸ਼ੂਟਿੰਗ ਦੌਰਾਨ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਦੀ ਸ਼ੂਟਿੰਗ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਨਿਰਦੇਸ਼ ਸੂਬਾ ਸਰਕਾਰ ਲਾਗੂ ਕਰ ਸਕਦੀ ਹੈ। ਕੋਰੋਨਾ ਕਾਰਨ ਤਾਲਾਬੰਦੀ ਨੂੰ ਦੇਖਦਿਆਂ ਸ਼ੂਟਿੰਗ 'ਤੇ ਪਾਬੰਦੀ ਲੱਗਣ ਨਾਲ ਫਿਲਮ ਜਗਤ ਦੀ ਅਰਥਵਿਵਸਥਾ ਡਾਵਾਂਡੋਲ ਹੋ ਗਈ ਸੀ। ਕਲਾਕਾਰ ਭੁੱਖੇ ਮਰਨ ਦੀ ਕਗਾਰ 'ਤੇ ਪਹੁੰਚ ਗਏ ਸਨ ਅਤੇ ਉਨ੍ਹਾਂ ਲਈ ਰੋਜ਼ਗਾਰ ਦਾ ਸੰਕਟ ਖੜ੍ਹਾ ਹੋ ਗਿਆ ਸੀ। ਇਸ ਲਈ ਸਰਕਾਰ ਨੇ ਸ਼ੂਟਿੰਗ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

Tanu

This news is Content Editor Tanu