''ਭੂਤ'' ਦੇ ਡਰੋਂ ਬੰਗਲਾ ਛੱਡ ਭੱਜੇ ਤੇਜ਼ ਪ੍ਰਤਾਪ ਯਾਦਵ

02/24/2018 1:58:40 AM

ਪਟਨਾ— ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਅਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ਼ ਪ੍ਰਤਾਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫਤੇ ਆਪਣੀ ਅਧਿਕਾਰਕ ਰਿਹਾਇਸ਼ ਛੱਡ ਦਿੱਤੀ ਕਿਉਂਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਨੂੰ ਭਜਾਉਣ ਲਈ ਇਥੇ ਭੂਤ ਛੱਡ ਦਿੱਤਾ ਸੀ। ਤੇਜ਼ ਪ੍ਰਤਾਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਉਹ ਕੋਠੀ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਨਿਤੀਸ਼ ਤੇ ਡਿਪਟੀ ਸੀ. ਐੈੱਮ. ਸੁਸ਼ੀਲ ਕੁਮਾਰ ਮੋਦੀ ਨੇ ਇਸ ਵਿਚ ਭੂਤ ਛੱਡ ਦਿੱਤਾ ਸੀ ਜੋ ਮੈਨੂੰ ਪ੍ਰੇਸ਼ਾਨ ਕਰ ਰਿਹਾ ਸੀ।
ਤੇਜ਼ ਪ੍ਰਤਾਪ ਧਾਰਮਿਕ ਅਤੇ ਅੰਧਵਿਸ਼ਵਾਸੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਕਰੀਬੀਆਂ ਨੇ ਦੱਸਿਆ ਕਿ ਤੇਜ਼ ਪ੍ਰਤਾਪ ਨੇ ਪਿਛਲੇ ਸਾਲ ਜੂਨ ਮਹੀਨੇ ਵਿਚ ਆਪਣੀ ਰਿਹਾਇਸ਼ 'ਤੇ 'ਦੁਸ਼ਮਣ ਮਾਰਨ ਜਾਪ' ਵੀ ਕਰਵਾਇਆ ਸੀ। ਜਦੋਂ ਕੇਂਦਰੀ ਜਾਂਚ ਏਜੰਸੀਆਂ ਉਨ੍ਹਾਂ ਦੇ ਪਰਿਵਾਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਸਨ। ਤੇਜ਼ ਪ੍ਰਤਾਪ ਨੇ ਪੰਡਿਤਾਂ ਦੀ ਸਲਾਹ 'ਤੇ ਇਸੇ ਰਿਹਾਇਸ਼ ਦੇ ਦੱਖਣੀ ਹਿੱਸੇ ਵੱਲ ਖੁੱਲ੍ਹਣ ਵਾਲੇ ਦਰਵਾਜ਼ੇ ਵੀ ਬੰਦ ਕਰਵਾ ਦਿੱਤੇ ਸਨ। ਆਰ. ਜੇ. ਡੀ. ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ਕਿਹਾ ਕਿ ਤੇਜ਼ ਪ੍ਰਤਾਪ ਨੇ ਦੂਜਾ ਨੋਟਿਸ ਮਿਲਣ ਤੋਂ ਬਾਅਦ ਬੰਗਲਾ ਖਾਲੀ ਕਰਨ ਦਾ ਫੈਸਲਾ ਕੀਤਾ।


Related News