"ਅੱਜ ਦਿੱਲੀ ’ਚ ਡ੍ਰੋਨ ਜਾਂ ਗਲਾਈਡਰ ਰਾਹੀਂ ਹਵਾਈ ਹਮਲੇ ਦਾ ਡਰ"

01/26/2020 1:25:03 AM

ਨਵੀਂ ਦਿੱਲੀ — ਗਣਤੰਤਰ ਦਿਵਸ ਮੌਕੇ ਐਤਵਾਰ ਦਿੱਲੀ ’ਚ ਡ੍ਰੋਨ ਜਾਂ ਗਲਾਈਡਰ ਰਾਹੀਂ ਹਵਾਈ ਹਮਲਾ ਕੀਤਾ ਜਾ ਸਕਦਾ ਹੈ। ਖੁਫੀਆ ਸੂਤਰਾਂ ਮੁਤਾਬਕ ਲਸ਼ਕਰ ਅਤੇ ਖਾਲਿਸਤਾਨੀ ਅੱਤਵਾਦੀਆਂ ਕੋਲ ਗਲਾਈਡਰ ਵਰਗੇ ਅਜਿਹੇ ਉਪਕਰਨ ਹਨ, ਜਿਨ੍ਹਾਂ ਰਾਹੀਂ ਉਹ ਭਾਰਤ ’ਤੇ ਹਮਲਾ ਕਰ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਚੌਕਸ ਕੀਤਾ ਹੈ ਕਿ ਐਤਵਾਰ ਨੂੰ ਹਮਲਾ ਹੋਣ ਦਾ ਡਰ ਹੈ। ਗ੍ਰਹਿ ਮੰਤਰਾਲਾ ਨੂੰ ਸ਼ੱਕ ਹੈ ਕਿ ਹਮਲੇ ਲਈ ਡ੍ਰੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਜਿਹੀਆਂ ਖਬਰਾਂ ਹਨ ਕਿ ਦੇਸ਼ ਵਿਚ ਕਈ ਡ੍ਰੋਨ ਸਮੱਗਲ ਕੀਤੇ ਗਏ ਹਨ। ਦਿੱਲੀ ’ਚ ਪਿਛਲੇ ਦਿਨੀਂ ਅਜਿਹੇ ਡ੍ਰੋਨ ਦੇਖੇ ਗਏ ਸਨ।

ਦੱਸਣਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਸਾਊਦੀ ਅਰਬ ਦੀ ਇਕ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ’ਤੇ ਡ੍ਰੋਨ ਰਾਹੀਂ ਹੀ ਅੱਤਵਾਦੀ ਹਮਲਾ ਕੀਤਾ ਗਿਆ ਸੀ। 2018 ਵਿਚ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ’ਤੇ ਵੀ ਡ੍ਰੋਨ ਨਾਲ ਹਮਲੇ ਦੀ ਕੋਸ਼ਿਸ਼ ਹੋਈ ਸੀ। ਕੁਝ ਦਿਨ ਪਹਿਲਾਂ ਅਹਿਮਦਾਬਾਦ ਵਿਖੇ ਇਕ ਕੌਮਾਂਤਰੀ ਰੈਕੇਟ ਬੇਨਕਾਬ ਕੀਤਾ ਗਿਆ ਸੀ, ਜਿਸ ਵਿਚ ਪਾਕਿਸਤਾਨ, ਚੀਨ ਅਤੇ ਮਿਆਂਮਾਰ ਦੇ ਸਮੱਗਲਰ ਸ਼ਾਮਲ ਸਨ। ਸੂਚਨਾ ਹੈ ਕਿ ਉੱਤਰੀ-ਪੂਰਬੀ ਸੂਬਿਆਂ ਦੀਆਂ ਸਰਹੱਦਾਂ ਰਾਹੀਂ ਭਾਰਤ ’ਚ ਇਹ ਡ੍ਰੋਨ ਸਮੱਗਲ ਕੀਤੇ ਗਏ ਹਨ। ਸਰਹੱਦ ਪਾਰ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਮਿਲੀਆਂ ਖੁਫੀਆ ਸੂਚਨਾਵਾਂ ਨੂੰ ਧਿਆਨ ’ਚ ਰੱਖਦਿਆਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਜੰਮੂ-ਕਸ਼ਮੀਰ ’ਚ ਵੀ ਸੁਰੱਖਿਆ ਵਧਾਈ ਗਈ ਹੈ।