ਕੋਰੋਨਾ ਦੇ ਇਲਾਜ ''ਚ ਪ੍ਰਭਾਵਸ਼ਾਲੀ ਨਜ਼ਰ ਆ ਰਹੀ ਫਵੀਪੀਰਾਵੀਰ ਦਵਾਈ

05/08/2020 11:35:12 PM

ਨਵੀਂ ਦਿੱਲੀ, (ਇੰਟ.)—  ਕੋਰੋਨਾ ਵਾਇਰਸ ਦੀ ਦਵਾਈ ਅਤੇ ਵੈਕਸੀਨ ਦੀ ਖੋਜ ਦੌਰਾਨ ਇਕ ਉਮੀਦ ਦੀ ਕਿਰਨ ਜਾਗੀ ਹੈ। ਕੋਰੋਨਾ ਦੀ ਵੈਕਸੀਨ ਲਈ ਭਾਰਤ 'ਚ ਫਵੀਪੀਰਾਵੀਰ ਦਵਾਈ ਦੇ ਕਲੀਨਿਕਲ ਪ੍ਰੀਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਫਵੀਪੀਰਾਵੀਰ ਦਵਾਈ ਚੀਨ ਅਤੇ ਜਾਪਾਨ ਵਰਗੇ ਪੂਰਬੀ ਏਸ਼ੀਆਈ ਦੇਸ਼ਾਂ 'ਚ ਇਨਫਲੂਐਨਜ਼ਾ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।
ਫਰਵਰੀ 2020 'ਚ ਚੀਨ 'ਚ ਕੋਰੋਨਾ ਦੇ ਇਲਾਜ ਲਈ ਫਵੀਪੀਰਾਵੀਰ 'ਤੇ ਅਧਿਐਨ ਕੀਤਾ ਜਾ ਰਿਹਾ ਸੀ। 80 ਲੋਕਾਂ 'ਤੇ ਕੀਤੇ ਗਏ ਇਕ ਅਧਿਐਨ 'ਚ ਪਾਇਆ ਗਿਆ ਕਿ ਹੋਰ ਦਵਾਇਆਂ ਦੇ ਮੁਕਾਬਲੇ ਇਹ ਦਵਾਈ ਵਾਇਰਲ ਨੂੰ ਤੇਜ਼ੀ ਨਾਲ ਖਤਮ ਕਰਦੀ ਹੈ। ਇਸ ਤੋਂ ਇਲਾਵਾ 91 ਫੀਸਦੀ ਲੋਕਾਂ ਦੇ ਸੀਟੀ ਸਕੈਨ 'ਚ ਵੀ ਸੁਧਾਰ ਦੇਖਿਆ ਗਿਆ। ਹਾਲਾਂਕਿ ਕੁਝ ਮਰੀਜ਼ਾਂ 'ਚ ਦਵਾਈ ਦੇ ਸਾਈਡ ਇਫੈਕਟ ਵੀ ਪਾਏ ਗਏ।
ਚੀਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਇਕ ਅਧਿਕਾਰੀ ਝਾਂਗ ਜ਼ਿਨਮਿਨ ਨੇ ਵੀ ਕਿਹਾ ਸੀ ਕਿ ਫਵੀਪੀਰਾਵੀਰ ਦਵਾਈ ਦੇ ਵੂਹਾਨ ਅਤੇ ਸ਼ੇਨਜ਼ੇਨ 'ਚ 340 ਮਰੀਜ਼ਾਂ 'ਤੇ ਵਧੀਆ ਨਤੀਜੇ ਮਿਲੇ ਹਨ। ਝਾਂਗ ਨੇ ਕਿਹਾ ਸੀ ਇਹ ਦਵਾਈ ਬਹੁਤ ਸੁਰੱਖਿਅਤ ਹੈ ਅਤੇ ਮਰੀਜ਼ਾਂ ਦੇ ਇਲਾਜ 'ਚ ਸਾਫ ਤੌਰ 'ਤੇ ਬਹੁਤ ਪ੍ਰਭਾਵੀ ਹੈ।

ਜਾਪਾਨ 'ਚ 2014 ਤੋਂ ਹੋ ਰਹੀ ਹੈ ਇਸ ਦੀ ਦਵਾਈ ਦੇ ਤੌਰ 'ਤੇ ਵਰਤੋ
ਫਵੀਪੀਰਾਵੀਰ, ਅਵੀਗਨ ਬ੍ਰਾਂਡ ਦੇ ਤਹਿਤ ਵੇਚੀ ਜਾਂਦੀ ਹੈ। ਇਹ ਇਕ ਐਂਟੀਵਾਇਰਲ ਦਵਾਈ ਹੈ। ਕਈ ਹੋਰ ਵਾਇਰਲ ਇਨਫੈਕਸ਼ਨ ਦੇ ਇਲਾਜ ਲਈ ਵੀ ਇਸ 'ਤੇ ਅਧਿਐਨ ਕੀਤਾ ਜਾ ਰਿਹਾ ਹੈ। ਇਹ ਦਵਾਈ ਮੁੱਖ ਤੌਰ 'ਤੇ ਜਾਪਾਨ ਦੀ ਟੋਯਮਾ ਕੈਮੀਕਲ (ਫੁਜੀਫਿਲਮ ਸਮੂਹ) ਬਣਾਉਂਦੀ ਹੈ। ਜਾਪਾਨ ਨੇ ਪਹਿਲੀ ਵਾਰ 2014 'ਚ ਇਸ ਨੂੰ ਦਵਾਈ ਦੇ ਤੌਰ 'ਤੇ ਵਰਤੋ ਕਰਨ ਦੀ ਮਨਜ਼ੂਰੀ ਦਿੱਤੀ ਸੀ। 2016 'ਚ ਫੁਜੀਫਿਲਮ ਨੇ ਇਸ ਦਾ ਲਾਇਸੈਂਸ ਚੀਨ ਦੀ ਇਕ ਫਾਰਮਾਸਿਊਟੀਕਲਜ਼ ਕੰਪਨੀ ਨੂੰ ਦਿੱਤਾ ਅਤੇ 2019 'ਚ ਇਹ ਇਕ ਆਮ ਦਵਾਈ ਬਣ ਗਈ।

KamalJeet Singh

This news is Content Editor KamalJeet Singh