3 ਸਾਲ ਪਹਿਲਾਂ ਪਿਤਾ ਦੇ ਗਿਆ ਵਿਛੋੜਾ, ਹੁਣ ਕੋਰੋਨਾ ਨੇ ਖੋਹ ਲਈ ਮਾਂ, ਅਨਾਥ ਹੋਏ ਬੱਚੇ

05/24/2021 11:51:38 AM

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬੈਰੀਆ ਤਹਿਸੀਲ ਖੇਤਰ ਦੇ ਦਲਨਛਪਰਾ ਪਿੰਡ 'ਚ ਕੋਰੋਨਾ ਮਹਾਮਾਰੀ ਨੇ ਇਕ ਹੀ ਪਰਿਵਾਰ ਦੇ 4 ਬੱਚੇ ਯਤੀਮ ਕਰ ਦਿੱਤੇ। ਬਿਹਾਰ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਦਲਨਛਪਰਾ ਪਿੰਡ ਦੇ ਅੰਕੁਸ਼ ਦੇ ਪਿਤਾ ਸੰਤੋਸ਼ ਪਾਸਵਾਨ ਦੀ ਤਿੰਨ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਹੁਣ ਕੋਰੋਨਾ ਮਹਾਮਾਰੀ ਨੇ ਕਾਜਲ, ਰੂਬੀ, ਰੇਨੂੰ ਉਰਫ਼ ਸੁਬੀ ਅਤੇ ਅੰਕੁਸ਼ ਦੇ ਸਿਰ ਤੋਂ ਮਾਂ ਦਾ ਸਾਇਆ ਵੀ ਖੋਹ ਲਿਆ। ਮਾਂ ਦੇ ਦਿਹਾਂਤ ਤੋਂ ਬਾਅਦ ਵੀ 7 ਸਾਲ ਦੇ ਅੰਕੁਸ਼ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਆਪਣੀਆਂ ਭੈਣਾਂ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੈ। ਉਹ ਵੱਡਾ ਹੋ ਕੇ ਪੁਲਸ ਅਧਿਕਾਰੀ ਬਣਨਾ ਚਾਹੁੰਦਾ ਹੈ ਪਰ ਅੰਕੁਸ਼ ਦੀਆਂ ਭੈਣਾਂ ਦੁਖੀ ਹਨ।

ਉਹ ਕਹਿੰਦੀਆਂ ਹਨ ਕਿ ਹੁਣ ਸਭ ਕੁਝ ਭਗਵਾਨ ਦੇ ਭਰੋਸੇ ਹੈ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਖੇਤਾਂ 'ਚ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਨਾ ਹੋਵੇਗਾ। ਜ਼ਿਲ੍ਹਾ ਅਧਿਕਾਰੀ ਅਦਿਤੀ ਸਿੰਘ ਤੋਂ ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਦੇ ਕਦਮ ਨੂੰ ਲੈ ਕੇ ਪੁੱਛਿਆ ਗਿਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਬੈਰੀਆ ਦੇ ਡਿਪਟੀ ਜ਼ਿਲ੍ਹਾ ਅਧਿਕਾਰੀ ਪ੍ਰਸ਼ਾਂਤ ਨਾਇਕ ਨੇ ਦੱਸਿਆ ਕਿ ਉਹ ਘਟਨਾ ਤੋਂ ਜਾਣੂੰ ਹਨ। 

ਉਨ੍ਹਾਂ ਕਿਹਾ,''ਇਨ੍ਹਾਂ ਬੱਚਿਆਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਜੇਕਰ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਇਨ੍ਹਾਂ ਦੇ ਪਾਲਣ-ਪੋਸ਼ਣ ਲਈ ਹਰ ਮਹੀਨੇ 2 ਹਜ਼ਾਰ ਰੁਪਏ ਸਕਾਲਰਸ਼ਿਪ ਦੇ ਰੂਪ 'ਚ 18 ਸਾਲ ਦੀ ਉਮਰ ਹੋਣ ਤੱਕ ਦਿੱਤੇ ਜਾਣਗੇ।'' ਉਨ੍ਹਾਂ ਕਿਹਾ,''ਜੇਕਰ ਕੋਈ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਹੈ ਤਾਂ ਅਜਿਹੀ ਸਥਿਤੀ 'ਚ ਬਾਲ ਸੁਰੱਖਿਆ ਕੇਂਦਰ ਦੇ ਮਾਧਿਅਮ ਨਾਲ ਬੱਚਿਆਂ ਨੂੰ ਸ਼ੈਲਟਰ ਹੋਮ 'ਚ ਰੱਖਿਆ ਜਾਵੇਗਾ।'' ਇਹ ਪਿੰਡ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦਾ ਸਹੁਰਾ ਘਰ ਹੈ। ਡਾ. ਰਾਜੇਂਦਰ ਪ੍ਰਸਾਦ ਦੀ ਪਤਨੀ ਰਾਜਵੰਸ਼ੀ ਦੇਵੀ ਦੀ ਇਸੇ ਪਿੰਡ 'ਚ ਪੇਕੇ ਹਨ।

DIsha

This news is Content Editor DIsha