ਕਿਸਾਨ ਅੰਦੋਲਨ: ‘ਮੀਂਹ, ਠੰਡੇ ਮੌਸਮ ’ਚ ਟਰਾਲੀ-ਟਰੈਕਟਰ ਕਿਸਾਨਾਂ ਦੀ ਬਣੇ ਢਾਲ’

01/11/2021 11:47:56 AM

ਸਿੰਘੂ/ਟਿਕਰੀ ਬਾਰਡਰ (ਅਸ਼ਵਨੀ)- ਦਿੱਲੀ ਦੀ ਦਹਿਲੀਜ਼ ’ਤੇ ਚੱਲ ਰਹੇ ਅੰਦੋਲਨ ਵਿਚ ਕਿਸਾਨਾਂ ਦੇ ਟਰਾਲੀ-ਟਰੈਕਟਰ ਸਭ ਤੋਂ ਅਹਿਮ ਫੈਕਟਰ ਦੇ ਤੌਰ ’ਤੇ ਉੱਭਰੇ ਹਨ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਟਰਾਲੀ-ਟਰੈਕਟਰ ਇਸ ਕਿਸਾਨ ਅੰਦੋਲਨ ਦੀ ਪਛਾਣ ਬਣ ਗਏ ਹਨ। ਟਰੈਕਟਰ ਮਾਰਚ ਤੋਂ ਬਾਅਦ ਤਾਂ ਦੇਸ਼ ਭਰ ਵਿਚ ਪੰਜਾਬ-ਹਰਿਆਣਾ ਦੇ ਟਰਾਲੀ-ਟਰੈਕਟਰ ਦੀ ਹੀ ਚਰਚਾ ਹੋ ਰਹੀ ਹੈ। ਉਸ ’ਤੇ ਹੁਣ ਕਿਸਾਨ 26 ਜਨਵਰੀ ਨੂੰ ਟਰੈਕਟਰ ਪਰੇਡ ’ਤੇ ਅੜ ਗਏ ਹਨ ਤਾਂ ਟਰਾਲੀ-ਟਰੈਕਟਰ ਵੀ ਵੱਡਾ ਕੇਂਦਰ ਬਿੰਦੂ ਬਣ ਗਏ ਹਨ। ਖਾਸ ਤੌਰ ’ਤੇ ਲਗਾਤਾਰ ਡੇਢ ਮਹੀਨੇ ਦੌਰਾਨ ਕਿਸਾਨਾਂ ਨੇ ਟਰਾਲੀ-ਟਰੈਕਟਰ ਨੂੰ ਜਿਸ ਤਰ੍ਹਾਂ ਚਲਦੇ-ਫਿਰਦੇ ਘਰ ਦੇ ਤੌਰ ’ਤੇ ਇਸਤੇਮਾਲ ਕੀਤਾ ਹੈ, ਉਸ ਨੇ ਅੰਦੋਲਨ ਨੂੰ ਨਵੇਂ ਮਾਇਨੇ ਦਿੱਤੇ ਹਨ। ਧੁੱਪ ਹੋਵੇ, ਮੀਂਹ ਜਾਂ ਫਿਰ ਠੰਡੇ ਮੌਸਮ ਦੀ ਚੁਣੌਤੀ , ਇਹ ਟਰਾਲੀ-ਟਰੈਕਟਰ ਕਿਸਾਨਾਂ ਦੀ ਢਾਲ ਬਣੇ ਹੋਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਮੌਸਮ ਦੇ ਉਲਟ ਹਾਲਾਤਾਂ ਦੇ ਬਾਵਜੂਦ ਅਤੇ ਸਰਕਾਰ ਨਾਲ ਗੱਲਬਾਤ ਵਿਚ ਰਾਹ ਨਾ ਨਿਕਲ ਸਕਣ ਤੋਂ ਬਾਅਦ ਵੀ ਕਿਸਾਨ ਮਜ਼ਬੂਤ ਕੰਧ ਦੀ ਤਰ੍ਹਾਂ ਦਿੱਲੀ ਦੇ ਬਾਰਡਰ ’ਤੇ ਡਟੇ ਹੋਏ ਹਨ।

‘ਕਾਗਜ਼-ਕਲਮ ਵਾਲੀ ਵਿਰੋਧ ਦੀ ਚੰਗਿਆੜੀ-ਟਰਾਲੀ ਟਾਈਮਜ਼’
ਸੜਕਾਂ ’ਤੇ ਅੰਦੋਲਨ ਦਾ ਸਮਾਨਾਰਥਕ ਟਰਾਲੀ-ਟਰੈਕਟਰ ਕਾਗਜ਼-ਕਲਮ ਦੇ ਪੱਧਰ ’ਤੇ ਵੀ ਵਿਰੋਧ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਸ ਵਿਰੋਧ ਨੂੰ ‘ਟਰਾਲੀ ਟਾਈਮਜ਼’ ਦਾ ਨਾ ਦਿੱਤਾ ਗਿਆ ਹੈ। ਇਹ ਕਿਸਾਨਾਂ ਦੇ ਵਿਰੋਧ ਨੂੰ ਸਮਰਪਿਤ ਅਜਿਹਾ ਅਖਬਾਰ ਹੈ, ਜਿਸ ਦੇ ਹੁਣ ਤਕ 5 ਐਡੀਸ਼ਨ ਕੱਢੇ ਜਾ ਚੁੱਕੇ ਹਨ। ਹਿੰਦੀ, ਪੰਜਾਬੀ, ਇੰਗਲਿਸ਼ ਵਿਚ ਕੱਢੇ ਜਾ ਰਹੇ ਇਸ ਕਾਗਜ਼ੀ ਦਸਤਾਵੇਜ ਵਿਚ ਕਿਸਾਨਾਂ ਦੇ ਤਮਾਮ ਵਿਰੋਧ-ਪ੍ਰਦਰਸ਼ਨ ਦੀ ਜ਼ਮੀਨੀ ਹਕੀਕਤ ਨੂੰ ਬਿਆਨ ਕੀਤਾ ਜਾ ਰਿਹਾ ਹੈ। ਇਹ ਕਿਸਾਨ ਮੋਰਚੇ ਦਾ ਕੋਈ ਆਫੀਸ਼ੀਅਲ ਅਖਬਾਰ ਨਹੀਂ ਹੈ ਪਰ ਕਿਸਾਨਾਂ ਲਈ ਇੱਕ ਅਜਿਹਾ ਮੰਚ ਹੈ, ਜਿੱਥੇ ਵੱਖ-ਵੱਖ ਕਿਸਾਨ ਸੰਗਠਨ ਹੋਣ ਤੋਂ ਬਾਅਦ ਵੀ ਕਿਸਾਨ ਨੇਤਾ ਅਤੇ ਸਮਰਥਕ ਇਸ ਵਿਚ ਆਪਣੀ ਰਾਏ ਦੇ ਸਕਦੇ ਹਨ। ਇਸ ਵਿਚ ਲੇਖਕਾਂ ਵਲੋਂ ਭੇਜੀਆਂ ਗਈਆਂ ਤਸਵੀਰਾਂ, ਕਲਾਕ੍ਰਿਤੀਆਂ ਨੂੰ ਵੀ ਜਗ੍ਹਾ ਦਿੱਤੀ ਜਾਂਦੀ ਹੈ। ਕਲਮ ਨਾਲ ਆਵਾਜ਼ ਬੁਲੰਦ ਕਰਨ ਵਾਲੇ ਇਸ ਦਸਤਾਵੇਜ਼ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਅੰਦੋਲਨ ਰੂਪੀ ਛੇਵੇਂ ਦਰਿਆ ਦੀ ਆਵਾਜ਼ ਹੈ। ਪੰਜਾਬ 5 ਦਰਿਆਵਾਂ ਦੀ ਧਰਤੀ ਰਹੀ ਹੈ ਅਤੇ ਇਹ ਅੰਦੋਲਨ ਛੇਵਾਂ ਦਰਿਆ ਹੈ। ਇਸ ਨੂੰ ਇਸ ਤਰ੍ਹਾਂ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜਿਵੇਂ ਮੈਨੂੰ ਟੁੱਟਦੀ ਜੰਜ਼ੀਰ ਦੀ ਆਵਾਜ਼ ਆ ਰਹੀ ਹੈ, ਮੈਨੂੰ ਜਾਗਦੀ ਜ਼ਮੀਰ ਦੀ ਆਵਾਜ਼ ਆ ਰਹੀ ਹੈ। ਪੰਜਾਂ ਪਾਣੀਆਂ ਦੀ ਛਲ ਗਈ ਯਮਨਾ ’ਚ ਰਲ। ਛੇਵੇਂ ਦਰਿਆ ਦੇ ਨੀਰ ਦੀ ਆਵਾਜ਼ ਆ ਰਹੀ ਹੈ।

‘ਕਦੇ ਪੰਜਾਬ ਵਿਚ ਫੇਲ੍ਹ ਹੋਏ ਟਰੈਕਟਰ ਹੁਣ ਟਾਪਰ’
ਕਿਸਾਨਾਂ ਦੀ ਸਫਲਤਾ ਦਾ ਮੰਤਰ ਟਰੈਕਟਰ ਕਦੇ ਪੰਜਾਬ ਵਿਚ ਫੇਲ੍ਹ ਰਹੇ ਸਨ। ਗੱਲ ਉਦੋਂ ਦੀ ਹੈ ਜਦੋਂ ਪੰਜਾਬ ਵਿਚ ਹਰੀ ਕ੍ਰਾਂਤੀ ਦੀ ਦਸਤਕ ਵਿਚ ਟਰੈਕਟਰ ਮੈਨਿਊਫੈਕਚਰਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਬੁਲਗੇਰੀਅਨ ਕੰਪਨੀ ਨਾਲ ਸਮਝੌਤਾ ਕਰ ਕੇ ਲੁਧਿਆਣਾ ਦੇ ਢੰਡਾਰੀ ਕਲਾਂ ਵਿਚ ਟੀ. ਕੇ.-224ਡੀ ਟਰੈਕਟਰ ਮੈਨਿਊਫੈਕਚਰਿੰਗ ਯੂਨਿਟ ਲਾਉਣ ਦਾ ਪ੍ਰਸਤਾਵ ਤਿਆਰ ਕੀਤਾ ਸੀ। ਬੁਲਗੇਰੀਅਨ ਕੰਪਨੀ ਨੇ ਟ੍ਰਾਇਲ ਲਈ 2 ਟਰੈਕਟਰ ਉਪਲਬਧ ਕਰਵਾਏ ਸਨ, ਜਿਨ੍ਹਾਂ ਨੂੰ ਕਿਸਾਨਾਂ ਨੂੰ ਚਲਾਉਣ ਲਈ ਦਿੱਤਾ ਗਿਆ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਮੱਧ ਪ੍ਰਦੇਸ਼ ਦੇ ਬੁਦਨੀ ਸਥਿਤ ਕੇਂਦਰੀ ਖੇਤੀਬਾੜੀ ਮਸ਼ੀਨਰੀ ਟ੍ਰੇਨਿੰਗ ਅਤੇ ਪ੍ਰੀਖਿਆ ਸੰਸਥਾਨ ਦੀ ਟੈਸਟ ਰਿਪੋਰਟ ਵਿਚ ਵੀ ਇਹ ਫੇਲ੍ਹ ਸਾਬਤ ਹੋਇਆ। ਨਤੀਜਾ, ਪੰਜਾਬ ਸਰਕਾਰ ਦੀ ਪਹਿਲੀ ਟਰੈਕਟਰ ਮੈਨਿਊਫੈਕਚਰਿੰਗ ਯੋਜਨਾ ਫੇਲ੍ਹ ਹੋ ਗਈ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਚੈਕੋਸਲੋਵਾਕੀਆ ਦੇ ਨਾਲ ਜੇਟੋਰ 2011 ਟਰੈਕਟਰ ਨਿਰਮਾਣ ਲਈ ਯਤਨ ਕੀਤੇ। ਹਾਲਾਂਕਿ ਬਾਅਦ ਵਿਚ ਭਾਰਤ ਸਰਕਾਰ ਨੇ ਸੈਂਟਰਲ ਮੈਕੇਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਨੂੰ ਸਵਦੇਸ਼ੀ ਟਰੈਕਟਰ ਦਾ ਡਿਜ਼ਾਇਨ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ, ਜਿਸ ’ਤੇ 20 ਹਾਰਸ ਪਾਵਰ ਦਾ ਸਵਦੇਸ਼ੀ ਟਰੈਕਟਰ ਵਾਲਾ ਡਿਜ਼ਾਇਨ ਪੰਜਾਬ ਸਰਕਾਰ ਨੂੰ 1970 ਵਿਚ ਸੌਂਪਿਆ ਗਿਆ। ਪੰਜਾਬ ਸਰਕਾਰ ਨੇ ਪੰਜਾਬ ਟਰੈਕਟਰ ਲਿਮਟਿਡ ਦਾ ਗਠਨ ਕੀਤਾ ਅਤੇ ਸਵਰਾਜ ਬਰਾਂਡ ਹੇਠ ਟਰੈਕਟਰ ਮੈਨਿਊਫੈਕਚਰਿੰਗ ਦੀ ਸ਼ੁਰੂਆਤ ਹੋਈ। 1975 ਤਕ ਪੰਜਾਬ ਟਰੈਕਟਰ ਲਿਮਟਿਡ ਨੇ 589 ਸਵਰਾਜ ਟਰੈਕਟਰ ਵੇਚੇ। ਅੱਜ ਪੰਜਾਬ ਵਿਚ ਕਰੀਬ 5 ਤੋਂ 5.25 ਲੱਖ ਟਰੈਕਟਰ ਦੌੜ ਰਹੇ ਹਨ। ਅਧਿਕਾਰੀਆਂ ਮੁਤਾਬਕ ਪੰਜਾਬ ਵਿਚ ਹਾਲੇ 1 ਤੋਂ 1.25 ਲੱਖ ਟਰੈਕਟਰਾਂ ਦੀ ਜ਼ਰੂਰਤ ਹੈ।

‘ਕਿਸਾਨ ਮਜਬੂਰ ਅਤੇ ਲਾਚਾਰ ਨਹੀਂ ਹਨ’
ਬੇਸ਼ੱਕ ਨੌਜਵਾਨਾਂ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ ਅਤੇ ਉਹ ਜੋ ਵੀ ਤਰੀਕਾ ਆਪਣਾਉਣ, ਇਹ ਉਨ੍ਹਾਂ ਦਾ ਆਪਣਾ ਮਾਮਲਾ ਹੈ, ਪਰ ਹੱਕ ਦੀ ਲੜਾਈ ਵਿਚ ਹੋਸ਼ ਤੋਂ ਕੰਮ ਲੈਣਾ ਜ਼ਰੂਰੀ ਹੈ। ਆਪਣੇ ਸੁੱਖ-ਸਾਧਨਾਂ ਦਾ ਦਿਖਾਵਾ ਕਰਨਾ ਸਹੀ ਨਹੀਂ ਹੈ। ਹਾਲਾਂਕਿ ਨੌਜਵਾਨ ਕਿਸਾਨਾਂ ਦੀ ਰਾਏ ਥੋੜ੍ਹੀ ਵੱਖ ਹੈ। ਨੌਜਵਾਨ ਕਿਸਾਨ ਗੁਰਦੀਪ ਸਿੰਘ ਮੁਤਾਬਕ ਅੰਦੋਲਨ ਵਿਚ ਇਹ ਲਗਜ਼ਰੀ ਟਰੈਕਟਰ ਜੋਸ਼ ਭਰਦੇ ਹਨ। ਨਾਲ ਹੀ ਉਨ੍ਹਾਂ ਵਲੋਂ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਕਿ ਅਜੋਕਾ ਕਿਸਾਨ ਮਜਬੂਰ, ਲਾਚਾਰ ਨਹੀਂ ਹੈ। ਉਸ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ ਅਤੇ ਉਹ ਪੜ੍ਹੇ-ਲਿਖੇ ਕਿਸਾਨ ਹਨ, ਜਿਨ੍ਹਾਂ ਨੂੰ ਕਾਨੂੰਨੀ ਦਾਅ-ਪੇਚਾਂ ਦੀ ਵੀ ਪੂਰੀ ਸਮਝ ਹੈ। ਇਹ ਇਕ ਤਰ੍ਹਾਂ ਦਾ ਪ੍ਰਚਾਰ ਹੈ, ਜਿਸਦਾ ਮਕਸਦ ਕੇਂਦਰ ਨੂੰ ਸੁਚੇਤ ਕਰਨਾ ਹੈ।

‘ਬਿਨਾਂ ਟਰੈਕਟਰ-ਟਰਾਲੀ ਨਾ ਚੱਲ ਸਕਦਾ ਇੰਨਾ ਲੰਬਾ ਅੰਦੋਲਨ’
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਨੌਜਵਾਨ ਨੇਤਾ ਬਲਵਿੰਦਰ ਸਿੰਘ ਵੀ ਮੰਨਦੇ ਹਨ ਕਿ ਟਰਾਲੀ-ਟਰੈਕਟਰ ਇਸ ਅੰਦੋਲਨ ਦੀ ਸਭ ਤੋਂ ਅਹਿਮ ਕੜੀ ਹਨ। ਜੇਕਰ ਕਿਸਾਨਾਂ ਕੋਲ ਟਰਾਲੀ-ਟਰੈਕਟਰ ਨਾ ਹੁੰਦਾ ਤਾਂ ਸ਼ਾਇਦ ਇਸ ਅੰਦੋਲਨ ਨੂੰ ਇੰਨੀ ਮਜਬੂਤੀ ਨਹੀਂ ਮਿਲਦੀ। ਖਾਸ ਤੌਰ ’ਤੇ ਉਮਰਦਰਾਜ ਕਿਸਾਨਾਂ ਲਈ ਤਾਂ ਉਨ੍ਹਾਂ ਦੇ ਟਰਾਲੀ-ਟਰੈਕਟਰ ਜਵਾਨ ਬੇਟਿਆਂ ਦੀ ਤਰ੍ਹਾਂ ਕੰਮ ਆਏ ਹਨ। ਇਨ੍ਹਾਂ ਬੇਟਿਆਂ ਨੇ ਉਨ੍ਹਾਂ ਨੂੰ ਅਜਿਹਾ ਸਹਾਰਾ ਦਿੱਤਾ ਹੈ ਕਿ ਅੰਦੋਲਨ ਦੀ ਥਕਾਨ ਇਨ੍ਹਾਂ ਦੀ ਛਾਂ ਵਿਚ ਆਉਂਦੇ ਹੀ ਦੂਰ ਹੋ ਰਹੀ ਹੈ। ਇਹ ਕਿਸਾਨਾਂ ਦੀ ਅਜਿਹੀ ਢਾਲ ਹੈ, ਜੋ ਮੀਂਹ, ਠੰਢ ਵਰਗੀ ਕਿਸੇ ਵੀ ਚੁਣੌਤੀ ਨਾਲ ਜੂਝਣ ਦੀ ਸ਼ਕਤੀ ਦੇ ਰਹੀ ਹੈ। ਫਿਰੋਜ਼ਪੁਰ ਦੇ ਕਿਸਾਨ ਨੇਤਾ ਸੁਖਜੀਤ ਸਿੰਘ ਮੁਤਾਬਕ ਪੰਜਾਬ ਦੇ ਕਿਸਾਨ ਸੰਗਠਨਾਂ ਦੇ ਪੱਧਰ ’ਤੇ ਤਾਂ ਇਸ ਗੱਲ ਦਾ ਪਹਿਲਾਂ ਹੀ ਅਹਿਸਾਸ ਸੀ ਕਿ ਇਹ ਅੰਦੋਲਨ ਆਸਾਨ ਨਹੀਂ ਹੋਵੇਗਾ, ਇਸ ਲਈ ਪੰਜਾਬ ਵਿਚ ਜਦੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤਾਂ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਘੱਟ ਤੋਂ ਘੱਟ 6 ਮਹੀਨਿਆਂ ਦੀ ਰਸਦ ਲੈ ਕੇ ਚੱਲੀਏ। ਅਜਿਹੇ ਵਿਚ ਜਦੋਂ ਕਿਸਾਨ ਦਿੱਲੀ ਵੱਲ ਨਿੱਕਲੇ ਸਨ, ਉਦੋਂ ਹੀ ਮੰਨ ਲਿਆ ਸੀ ਕਿ ਹੁਣ ਉਨ੍ਹਾਂ ਦੇ ਟਰਾਲੀ-ਟਰੈਕਟਰ ਦੀ ਉਨ੍ਹਾਂ ਦਾ ਆਸ਼ੀਆਨਾ ਹੋਣਗੇ।

‘ਨੌਜਵਾਨ ਕਿਸਾਨਾਂ ਦੀ ਸਵਾਰੀ ਲਗਜ਼ਰੀ ਟਰੈਕਟਰ’
ਬੇਸ਼ੱਕ, ਅੰਦੋਲਨ ਵਿਚ ਓਲਡ ਮਾਡਲ ਤੋਂ ਲੈ ਕੇ ਨਵੇਂ ਮਾਡਲ ਤਕ ਹਰ ਤਰ੍ਹਾਂ ਦੇ ਟਰਾਲੀ-ਟਰੈਕਟਰ ਕਤਾਰਬੱਧ ਹਨ ਪਰ ਨੌਜਵਾਨ ਕਿਸਾਨਾਂ ਦੀ ਸਵਾਰੀ ਲਗਜ਼ਰੀ ਟਰੈਕਟਰ ਹਨ। ਕੁੱਝ ਟਰੈਕਟਰਾਂ ਦੀ ਕੀਮਤ ਤਾਂ 35 ਤੋਂ 40 ਲੱਖ ਰੁਪਏ ਤਕ ਹੈ। ਹਰਿਆਣਾ ਵਿਚ ਗੁਲੀਆ ਖਾਪ ਦੇ ਪ੍ਰਧਾਨ ਸੁਨੀਲ ਗੁਲੀਆ ਦਾ ਟਰੈਕਟਰ ਤਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਸ ਵਿਚ ਵੱਡੇ-ਵੱਡੇ ਸਪੀਕਰਾਂ ’ਤੇ ਉੱਚੀ ਆਵਾਜ਼ ਵਿਚ ਪੂਰਾ ਦਿਨ ਅੰਦੋਲਨ ਦੇ ਗੀਤ ਵਜਾਉਂਦੇ ਹੋਏ ਨੌਜਵਾਨ ਕਿਸਾਨ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਹਾਲਾਂਕਿ ਕੁੱਝ ਉਮਰਦਰਾਜ ਕਿਸਾਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ। ਫਿਰੋਜ਼ਪੁਰ ਦੇ ਪਿੰਡ ਸੋਢੀਵਾਲਾ ਤੋਂ ਆਏ 65 ਸਾਲਾ ਕਿਸਾਨ ਕਿਰਨਪਾਲ ਮੁਤਾਬਕ ਇਹ ਅੰਦੋਲਨ ਦਿਖਾਵੇ ਦਾ ਨਹੀਂ, ਸਗੋਂ ਆਪਣੇ ਹੱਕਾਂ ਦੀ ਲੜਾਈ ਹੈ।

‘ਹਰ ਸਾਲ ਪੰਜਾਬ ਵਿਚ 20,000 ਟਰੈਕਟਰਾਂ ਦੀ ਵਿਕਰੀ’
ਪੰਜਾਬ ਵਿਚ ਟਰੈਕਟਰ ਹੁਣ ਹੌਲੀ-ਹੌਲੀ ਕਿਸਾਨ ਦਾ ਸਟੇਟਸ ਸਿੰਬਲ ਬਣਦੇ ਜਾ ਰਹੇ ਹਨ। ਇਹੀ ਵਜ੍ਹਾ ਹੈ ਕਿ ਟਰੈਕਟਰਾਂ ਦੀ ਬਹੁਤਾਤ ਤੋਂ ਬਾਅਦ ਵੀ ਪੰਜਾਬ ਵਿਚ ਹਰ ਇਕ ਸਾਲ ਕਰੀਬ 20,000 ਟਰੈਕਟਰਾਂ ਦੀ ਵਿਕਰੀ ਹੁੰਦੀ ਹੈ। ਕੋਵਿਡ-19 ਵਰਗੀ ਮਹਾਮਾਰੀ ਵਿਚ ਵੀ ਪੰਜਾਬ ਵਿਚ ਕਰੀਬ 13,000 ਟਰੈਕਟਰਾਂ ਦੀ ਵਿਕਰੀ ਹੋਈ ਹੈ। ਹਾਲਾਂਕਿ ਹਰ ਇਕ ਸਾਲ 10 ਤੋਂ 12 ਹਜ਼ਾਰ ਟਰੈਕਟਰ ਸੈਕੰਡ ਹੈਂਡ ਮਾਰਕਿਟ ਜਾਂ ਕੰਡਮ ਵੀ ਐਲਾਨ ਦਿੱਤੇ ਜਾਂਦੇ ਹਨ। ਬਾਵਜੂਦ ਇਸ ਦੇ ਪੰਜਾਬ ਮੌਜੂਦਾ ਸਮੇਂ ਵਿਚ ਟਰੈਕਟਰ ਦੇ ਲਿਹਾਜ਼ ਨਾਲ ਸਰਪਲੱਸ ਸੂਬਾ ਹੈ। ਟਰੈਕਟਰਾਂ ਦੀ ਇਹ ਖਰੀਦ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠ ਵੀ ਦਬਾ ਰਹੀ ਹੈ ਪਰ ਕਿਸਾਨ ਟਰੈਕਟਰ ਪ੍ਰੇਮ ਨੂੰ ਘੱਟ ਨਹੀਂ ਕਰ ਪਾ ਰਹੇ ਹਨ।

Tanu

This news is Content Editor Tanu