ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਕੱਢਾਂਗੇ ‘ਟਰੈਕਟਰ ਪਰੇਡ’

01/02/2021 5:15:05 PM

ਨਵੀਂ ਦਿੱਲੀ— ਸਰਕਾਰ ਨਾਲ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਆਪਣੇ ਰਵੱਈਏ ਨੂੰ ਹੋਰ ਸਖ਼ਤ ਕਰਦੇ ਹੋਏ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਯਾਨੀ ਕਿ ਅੱਜ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਜਦੋਂ ਦੇਸ਼ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾ ਰਿਹਾ ਹੋਵੇਗਾ, ਤਾਂ ਦਿੱਲੀ ਵੱਲ ਟਰੈਕਟਰ ਪਰੇਡ ਕੱਢੀ ਜਾਵੇਗੀ। ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਰੇਡ ‘ਕਿਸਾਨ ਪਰੇਡ’ ਦੇ ਨਾਂ ਤੋਂ ਹੋਵੇਗੀ ਅਤੇ ਇਹ ਗਣਤੰਤਰ ਦਿਵਸ ਪਰੇਡ ਤੋਂ ਬਾਅਦ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਸਰਕਾਰ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਵਿਚਾਲੇ ਅਗਲੇ ਦੌਰ ਦੀ ਗੱਲਬਾਤ 4 ਜਨਵਰੀ 2021 ਨੂੰ ਹੋਣੀ ਹੈ। 

ਇਹ ਵੀ ਪੜ੍ਹੋ: ਦਿੱਲੀ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ : ਅਰਵਿੰਦ ਕੇਜਰੀਵਾਲ

 

ਸਰਵਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਦਾ ਕਿਸਾਨਾਂ ਦੀ 50 ਫ਼ੀਸਦੀ ਮੰਗਾਂ ਨੂੰ ਮਨਜ਼ੂਰ ਕਰਨ ਦਾ ਦਾਅਵਾ ‘ਸਰਾਸਰ ਝੂਠ’ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਤੱਕ ਲਿਖਤੀ ਵਿਚ ਕੁਝ ਨਹੀਂ ਮਿਲਿਆ ਹੈ। ਦੱਸਣਯੋਗ ਹੈ ਕਿ ਬੀਤੇ ਬੁੱਧਵਾਰ ਯਾਨੀ ਕਿ 30 ਦਸੰਬਰ 2020 ਨੂੰ 6ਵੇਂ ਦੌਰ ਦੀ ਗੱਲਬਾਤ ਮਗਰੋਂ ਸਰਕਾਰ ਅਤੇ ਪ੍ਰਦਰਸ਼ਕਾਰੀ ਕਿਸਾਨ ਜਥੇਬੰਦੀਆਂ ਵਿਚਾਲੇ ਬਿਜਲੀ ਸੋਧ ਬਿੱਲ ਅਤੇ ਪਰਾਲੀ ਸਾੜਨ ’ਤੇ ਜੁਰਮਾਨੇ ਦੇ ਮੁੱਦੇ ’ਤੇ ਸਹਿਮਤੀ ਬਣੀ ਸੀ ਪਰ ਵਿਵਾਦਪੂਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਨੂੰ ਲੈ ਕੇ ਗਤੀਰੋਧ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਕੜਾਕੇ ਦੀ ਠੰਡ ਦੇ ਬਾਵਜੂਦ ਬੀਤੇ 37 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਮੰਡੀ ਵਿਵਸਥਾ ਖ਼ਤਮ ਹੋ ਜਾਵੇਗੀ ਅਤੇ ਉਹ ਪੂੰਜੀਪਤੀਆਂ ਦੀ ਰਹਿਮ ’ਤੇ ਨਿਰਭਰ ਹੋ ਜਾਣਗੇ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਹੋਵੇਗਾ ਹੋਰ ਤਿੱਖਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੱਸੀ ਅਗਲੀ ਰਣਨੀਤੀ

ਜੇਕਰ 4 ਜਨਵਰੀ 2021 ਨੂੰ ਸਰਕਾਰ ਨਾਲ ਗੱਲਬਾਤ ਦਾ ਨਾ ਨਿਕਲਿਆ ਕੋਈ ਹੱਲ ਤਾਂ—
6 ਜਨਵਰੀ ਨੂੰ ਕਿਸਾਨ ਅੰਦੋਲਨ ਹੋਵੇਗਾ ਹੋਰ ਤੇਜ਼।
6 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ।
13 ਜਨਵਰੀ ਨੂੰ ਦੇਸ਼ ਭਰ ’ਚ ‘ਕਿਸਾਨ ਸੰਕਲਪ ਦਿਵਸ’ ਮਨਾਇਆ ਜਾਵੇਗਾ।
18 ਜਨਵਰੀ ਨੂੰ ‘ਮਹਿਲਾ ਕਿਸਾਨ ਦਿਵਸ’ ਮਨਾਇਆ ਜਾਵੇਗਾ।
23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰਾਂ ’ਤੇ ਤਿੰਰਗਾ ਲਾ ਕੇ ‘ਟਰੈਕਟਰ-ਟਰਾਲੀ ਪਰੇਡ’ ਕੱਢਣਗੇ।

Tanu

This news is Content Editor Tanu