‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’

01/04/2021 12:38:01 PM

‘ਨਵੇਂ ਸਾਲ ਵਿਚ ਕਿਸਾਨਾਂ ਨੂੰ ਹੱਲ ਦੀ ਨਵੀਂ ਉਮੀਦ ਤਾਂ ਹੈ ਪਰ ਕੜਾਕੇ ਦੀ ਠੰਡ ਵਿਚ ਮੁਸ਼ਕਲਾਂ ਵੀ ਵਧੀਆਂ ਹਨ’
ਸਿੰਘੂ ਬਾਰਡਰ (ਅਵਿਨਾਸ਼ ਪਾਂਡੇ)– ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਨਵੇਂ ਸਾਲ ਵਿਚ ਕਿਸਾਨਾਂ ਨੂੰ ਮੁੱਦੇ ਦੇ ਹੱਲ ਦੀ ਨਵੀਂ ਉਮੀਦ ਤਾਂ ਹੈ ਪਰ ਕੜਾਕੇ ਦੀ ਠੰਡ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਖੁੱਲ੍ਹੇ ਆਸਮਾਨ ਹੇਠਾਂ ਅਤੇ ਮੀਂਹ ਤੋਂ ਬਾਅਦ ਰਾਤ ਵਿਚ ਚੈਨ ਦੀ ਨੀਂਦ ਕਿਸਾਨਾਂ ਲਈ ਔਖੀ ਹੋ ਗਈ ਹੈ।


ਹਾਲਾਤ ਇਹ ਹਨ ਕਿ ਪਿਛਲੇ 2 ਦਿਨਾਂ ਤੋਂ ਮੀਂਹ ਕਾਰਨ ਅੰਦੋਲਨ ਵਾਲੀ ਥਾਂ ’ਤੇ ਚਿੱਕੜ ਹੀ ਚਿੱਕੜ ਨਜ਼ਰ ਆ ਰਿਹਾ ਹੈ ਤਾਂ ਕਿਸਾਨਾਂ ਨੇ ਮੀਂਹ ਤੋਂ ਬਚਣ ਲਈ ਵਾਟਰ ਪਰੂਫ਼ ਟੈਂਟ ਦਾ ਜੁਗਾੜ ਵੀ ਸ਼ੁਰੂ ਕਰ ਦਿੱਤਾ ਹੈ। ਇਸ ਸਭ ਦੇ ਬਾਵਜੂਦ ਕਿਸਾਨਾਂ ਦਾ ਕਾਰਵਾਂ ਲਗਾਤਾਰ ਵਧ ਰਿਹਾ ਹੈ। ਹਰ ਰੋਜ਼ ਪੰਜਾਬ ਅਤੇ ਹਰਿਆਣਾ ਤੋਂ ਸੈਂਕੜੇ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਪਹੁੰਚ ਕੇ ਕਿਸਾਨਾਂ ਦਾ ਜੋਸ਼ ਵਧਾ ਰਹੇ ਹਨ।
ਖਾਸ ਕਰ ਕੇ ਨੌਜਵਾਨ ਟੀਮਾਂ ਬਜ਼ੁਰਗਾਂ ਦਾ ਖਿਆਲ ਰੱਖਣ ਵਿਚ ਲੱਗੀਆਂ ਹੋਈਆਂ ਹਨ ਅਤੇ ਠੰਡ ਅਤੇ ਮੀਂਹ ਵਿਚ ਪਰਿਵਾਰਾਂ ਨੂੰ ਹੁਣ ਆਪਣੇ ਬਜ਼ੁਰਗਾਂ ਦੀ ਚਿੰਤਾ ਵੀ ਸਤਾਅ ਰਹੀ ਹੈ। ਨਵੇਂ ਸਾਲ ਵਿਚ ਵੀ ਕਈ ਕਿਸਾਨਾਂ ਦੀ ਮੌਤ ਨਾਲ ਅੰਦੋਲਨਕਾਰੀਆਂ ਦੀ ਚਿੰਤਾ ਵਧੀ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਜ਼ਰੂਰ ਪੂਰੀਆਂ ਹੋਣਗੀਆਂ।

‘ਬਜ਼ੁਰਗਾਂ ਦਾ ਹੋ ਰਿਹਾ ਹੈ ਰੁਟੀਨ ਚੈਕਅਪ’
ਮੌਸਮ ਵਿਚ ਠੰਡ ਵਧਦੇ ਹੀ ਬਾਰਡਰ ’ਤੇ ਸਿਹਤ ਸੇਵਾਵਾਂ ਵੀ ਵਧਾ ਦਿੱਤੀਆਂ ਗਈਆਂ ਹਨ। ਜਿਥੇ ਹਰਿਆਣਾ ਸਰਕਾਰ ਦੀ ਸਿਹਤ ਟੀਮ ਕਿਸਾਨਾਂ ਦਾ ਰੁਟੀਨ ਚੈਕਅਪ ਕਰ ਰਹੀ ਹੈ, ਉਥੇ ਹੀ ਕਿਸਾਨਾਂ ਵਲੋਂ ਵੀ ਕਈ ਹੋਰ ਮੈਡੀਕਲ ਕੈਂਪ ਲਾਏ ਗਏ ਹਨ। ਡਾਕਟਰਾਂ ਵਲੋਂ ਬਜੁਰਗਾਂ ਨੂੰ ਕਿਹਾ ਜਾ ਰਿਹਾ ਹੈ ਕਿ ਠੰਡ ਦੇ ਮੌਸਮ ਵਿਚ ਉਨ੍ਹਾਂ ਦਾ ਇਥੇ ਰਹਿਣਾ ਠੀਕ ਨਹੀਂ ਹੈ। ਬਾਰਡਰ ’ਤੇ ਮੌਜੂਦ ਰੈੱਡਕਰਾਸ ਦੀ ਟੀਮ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਹਰ ਰੋਜ਼ ਕਰੀਬ 200 ਲੋਕਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਕਾਫ਼ੀ ਗਿਣਤੀ ਵਿਚ ਬਲਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਨੂੰ ਸਾਵਧਾਨੀ ਦੇ ਤੌਰ ’ਤੇ ਠੰਡ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।

‘ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਮੀਂਹ ਵੀ ਨਹੀਂ ਰੋਕ ਪਾ ਰਿਹਾ’
ਠੰਡ ਵਿਚ ਮੀਂਹ ਕਾਰਨ ਭਾਵੇਂ ਹੀ ਆਮ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਰਹੇ ਹੋਣ ਪਰ ਖੁੱਲ੍ਹੇ ਆਸਮਾਨ ਦੇ ਹੇਠਾਂ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਮੀਂਹ ਵੀ ਨਹੀਂ ਰੋਕ ਪਾ ਰਿਹਾ ਹੈ। ਆਲਮ ਇਹ ਹੈ ਕਿ ਇਥੇ ਮੀਂਹ ਵਿਚ ਵੀ ਲੰਗਰ ਸੇਵਾ ਲਗਾਤਾਰ ਚੱਲ ਰਹੀ ਹੈ ਅਤੇ ਲੋਕਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਹਾਲਾਂਕਿ ਸੜਕਾਂ ’ਤੇ ਭਾਰੀ ਮਾਤਰਾ ਵਿਚ ਪਾਣੀ ਅਤੇ ਚਿੱਕੜ ਜ਼ਰੂਰ ਜਮ੍ਹਾ ਹੋ ਗਿਆ ਹੈ ਪਰ ਨੌਜਵਾਨਾਂ ਦੀਆਂ ਟੀਮਾਂ ਸੇਵਾ ਦੇ ਤੌਰ ’ਤੇ ਸੜਕਾਂ ਨੂੰ ਵੀ ਸਾਫ਼ ਕਰਨ ਵਿਚ ਵਿਖਾਈ ਦਿੱਤੀਆਂ। ਨੌਜਵਾਨਾਂ ਨੇ ਕਿਹਾ ਕਿ ਉਹ ਧਰਨੇ ਵਾਲੀ ਥਾਂ ਨੂੰ ਆਪਣਾ ਘਰ ਮੰਨਦੇ ਹਨ ਅਤੇ ਘਰ ਦੀ ਤਰ੍ਹਾਂ ਹੀ ਉਹ ਲਗਾਤਾਰ ਸਵੇਰੇ-ਸ਼ਾਮ ਸੜਕ ਦੀ ਸਫਾਈ ਕਰਦੇ ਹਨ।

‘ਧਰਨੇ ਵਾਲੀ ਥਾਂ ’ਤੇ ਇਕੱਠ ਵਧਣ ਕਾਰਨ ਬਾਰਡਰ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕ ਰਹੀ ਪੁਲਸ’
ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਇਕੱਠ ਜ਼ਿਆਦਾ ਵਧਣ ਕਾਰਨ ਹੁਣ ਹਰਿਆਣਾ ਪੁਲਸ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੇ ਕਿਸਾਨਾਂ ਨੂੰ ਬਾਰਡਰ ਤੋਂ ਪਹਿਲਾਂ ਹੀ ਰੋਕ ਰਹੀ ਹੈ। ਪੁਲਸ ਕਿਸਾਨਾਂ ਨੂੰ ਇਹ ਦੱਸ ਰਹੀ ਹੈ ਕਿ ਬਾਰਡਰ ’ਤੇ ਪਹਿਲਾਂ ਹੀ ਬਹੁਤ ਭੀੜ ਹੈ ਅਤੇ ਉੱਥੇ ਜਾਣਾ ਠੀਕ ਨਹੀਂ ਹੈ। ਇਸ ਦੇ ਬਾਵਜੂਦ ਕਿਸਾਨਾਂ ਦਾ ਜੱਥਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਪੁਲਸ ਨਾਲ ਸਵਾਲ-ਜਵਾਬ ਕਰਨ ਤੋਂ ਬਾਅਦ ਧਰਨਾ ਸਥਾਨ ਵੱਲ ਹੀ ਵਧਦਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਬਾਰਡਰ ’ਤੇ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਰੋਕਣਾ ਗਲਤ ਹੈ। ਉਹ ਹਰ ਹਾਲ ਵਿਚ ਆਪਣੇ ਲੋਕਾਂ ਵਿਚ ਹੀ ਬੈਠ ਕੇ ਸਰਕਾਰ ਖਿਲਾਫ ਮੰਗਾਂ ਨੂੰ ਲੈ ਕੇ ਜੋਸ਼ ਭਰਨਗੇ। ਮਾਨਸਾ ਅਤੇ ਪਟਿਆਲਾ ਨਿਵਾਸੀ ਜੋਗਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਸ ਵਲੋਂ ਉਨ੍ਹਾਂ ਨੂੰ ਕਈ ਸਥਾਨਾਂ ’ਤੇ ਰੋਕਿਆ ਗਿਆ, ਪਰ ਉਹ ਰੁਕਣ ਵਾਲੇ ਨਹੀਂ, ਆਖਿਰ ਉਹ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ।

ਨੋਟ : ਮੀਂਹ ਅਤੇ ਠੰਡ ’ਚ ਵੀ ਜਾਰੀ ਹੈ ਕਿਸਾਨਾਂ ਦਾ ਪ੍ਰਦਰਸ਼ਨ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

DIsha

This news is Content Editor DIsha