ਕਿਸਾਨਾਂ ਅੱਗੇ ਝੁੱਕ ਹੀ ਗਈ ਮੋਦੀ ਸਰਕਾਰ, ਜਾਣੋ ਕਿਸਾਨ ਅੰਦੋਲਨ ਦੀ ਪੂਰੀ ਟਾਈਮ ਲਾਈਨ

11/21/2021 12:03:24 PM

ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 19 ਨਵੰਬਰ 2021 ਨੂੰ ਆਖ਼ਰਕਾਰ ਤਿੰਨੋਂ ਖੇਤੀ ਕਾਨੂੰਨਾਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ। ਦਿੱਲੀ ਦੀਆਂ ਸਰੱਹਦਾਂ ’ਤੇ ਡਟੇ ਕਿਸਾਨਾਂ ਦੇ ਫ਼ੌਲਾਦੀ ਹੌਂਸਲੇ ਅੱਗੇ ਆਖ਼ਰਕਾਰ ਮੋਦੀ ਸਰਕਾਰ ਨੂੰ ਝੁੱਕਣਾ ਹੀ ਪਿਆ। ਕਿਸਾਨ ਦਿੱਲੀ ਦੇ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰਾਂ ’ਤੇ ਕਰੀਬ-ਕਰੀਬ 1 ਸਾਲ ਤੋਂ ਡਟੇ ਹੋਏ ਹਨ। ਹਜ਼ਾਰਾਂ ਔਕੜਾਂ ਨੂੰ ਪਾਰ ਕਰਦੇ ਹੋਏ ਕਿਸਾਨਾਂ ਨੇ ਫ਼ਤਿਹ ਹਾਸਲ ਕੀਤੀ। ਇਸ ਕਿਸਾਨ ਅੰਦੋਲਨ ’ਚ 700 ਦੇ ਕਰੀਬ ਕਿਸਾਨਾਂ ਸ਼ਹੀਦ ਵੀ ਹੋਏ ਹਨ। ਲੰਬੇ ਸਮੇਂ ਦੀ ਉਡੀਕ ਅਤੇ ਮੋਦੀ ਸਰਕਾਰ ਨੂੰ ਆਪਣੀ ਮੰਗ ਅੱਗੇ ਝੁਕਾਉਣ ਲਈ ਕਿਸਾਨ ਸਫ਼ਲ ਹੋਏ। ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿਸਾਨੀ ਸੰਘਰਸ਼ ਦੀ ਪੂਰੀ ਟਾਈਮ ਲਾਈਨ ਬਾਰੇ-

ਇਹ ਵੀ ਪੜ੍ਹੋ :  ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'

4 ਸਤੰਬਰ, 2020
ਕੇਂਦਰ ਸਰਕਾਰ ਨੇ ਸੰਸਦ ਵਿਚ ਕਿਸਾਨ ਕਾਨੂੰਨਾਂ ਸਬੰਧੀ ਆਰਡੀਨੈਂਸ ਪੇਸ਼ ਕੀਤਾ।

7 ਸਤੰਬਰ, 2020
ਖੇਤੀ ਕਾਨੂੰਨਾਂ ਸਬੰਧੀ ਆਰਡੀਨੈਂਸ ਲੋਕਸਭਾ ਵਿਚ ਪਾਸ।

20 ਸਤੰਬਰ, 2020
ਆਰਡੀਨੈਂਸ ਰਾਜਸਭਾ ਵਿਚ ਵੀ ਆਵਾਜ਼ ਵੋਟ ਨਾਲ ਪਾਸ।

ਇਹ ਵੀ ਪੜ੍ਹੋ: ਕਿਸਾਨਾਂ ਦੀ ਵੱਡੀ ਜਿੱਤ, ਜਾਣੋ ਖੇਤੀ ਕਾਨੂੰਨ ਦੀ ਵਾਪਸੀ ਕਿੰਨੀ ਸਾਰਥਕ

24 ਸਤੰਬਰ, 2020
ਆਰਡੀਨੈਂਸ ਦੇ ਵਿਰੁੱਧ ਪੰਜਾਬ ਵਿਚ ਤਿੰਨ ਦਿਨ ਲਈ ਰੇਲ ਰੋਕੋ ਅੰਦੋਲਨ ਸ਼ੁਰੂ।

25 ਸਤੰਬਰ, 2020
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰੀਡਨੇਸ਼ਨ ਕਮੇਟੀ ਦੇ ਸੱਦੇ ’ਤੇ ਕਿਸਾਨ ਦਿੱਲੀ ਲਈ ਰਵਾਨਾ।

27 ਸਤੰਬਰ, 2020
ਪਾਸ ਖੇਤੀ ਕਾਨੂੰਨਾਂ ਨੂੰ ਰਾਸ਼ਟਰੀ ਗਜਟ ਵਿਚ ਮਿਲੀ ਥਾਂ।

14 ਅਕਤੂਬਰ, 2020
ਕਿਸਾਨਾਂ ਅਤੇ ਸਰਕਾਰ ਦਰਮਿਆਨ ਚੱਲ ਰਹੀ ਗੱਲਬਾਤ ਵਿਚ ਤਲੱਖੀ, ਦੋਹਾਂ ਵਿਚਾਲੇ ਗੱਲਬਾਤ ਹੋਈ ਅਸਫ਼ਲ।

25 ਨਵੰਬਰ, 2020
ਦੇਸ਼ ਭਰ ਵਿਚ ਨਵੇੇਂ ਖੇਤੀ ਕਾਨੂੰਨਾਂ ਦਾ ਵਿਰੋਧ ਸ਼ੁਰੂ, ਪੰਜਾਬ ਅਤੇ ਹਰਿਆਣਾ ਵਿਚ ਦਿੱਲੀ ਚਲੋ ਮੂਵਮੈਂਟ।

28 ਨਵੰਬਰ, 2020
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਗੱਲਬਾਤ ਕਰਨ ਦਾ ਦਿੱਤਾ ਸੱਦਾ।

ਇਹ ਵੀ ਪੜ੍ਹੋ : ਜਦੋਂ ਖਤਮ ਹੋਣ ਕੰਢੇ ਸੀ ਕਿਸਾਨ ਅੰਦੋਲਨ, ਇਸ ਆਗੂ ਨੇ ਇਮੋਸ਼ਨਲ ਕਾਰਡ ਖੇਡ ਕੇ ਪਲਟ ਦਿੱਤੀ ਸੀ ਪੂਰੀ ਬਾਜ਼ੀ

03 ਦਸੰਬਰ, 2020
ਸਰਕਾਰ ਅਤੇ ਕਿਸਾਨਾਂ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋਈ, ਕੋਈ ਨਤੀਜਾ ਨਹੀਂ ਨਿਕਲਿਆ।

05 ਦਸੰਬਰ, 2020
ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਦੂਜੇ ਦੌਰ ਦੀ ਗੱਲਬਾਤ, ਕਿਸਾਨਾਂ ਨੇ ਸਰਕਾਰ ਵਲੋਂ ਦਿੱਤਾ ਗਿਆ ਖਾਣਾ ਵੀ ਨਹੀਂ ਖਾਧਾ।

09 ਦਸੰਬਰ, 2020
ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਵਿਚ ਸੁਧਾਰ ਦੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਕੀਤਾ ਖਾਰਜ।

11 ਦਸੰਬਰ, 2020
ਭਾਰਤੀ ਕਿਸਾਨ ਯੂਨੀਅਨ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕੀਤਾ।

16 ਦਸੰਬਰ, 2020
ਸੁਪਰੀਮ ਕੋਰਟ ਨੇ ਪੈਨਲ ਬਣਾ ਕੇ ਕਿਸਾਨ ਅਤੇ ਸਰਕਾਰ ਦੋਹਾਂ ਦੇ ਪ੍ਰਤੀਨਿਧੀ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ।

21 ਦਸੰਬਰ, 2020
ਸਾਰੇ ਧਰਨਾ ਸਥਾਨਾਂ ’ਤੇ ਇਕ ਦਿਨ ਦੀ ਭੁੱਖ ਹੜਤਾਲ ਰੱਖੀ।

30 ਦਸੰਬਰ, 2020
ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਵਿਚ ਪਰਾਲੀ ਸਾੜਨ ’ਤੇ ਪਨੈਲਿਟੀ ਅਤੇ ਇਲੈਕਟਰੀਸਿਟੀ ਅਮੇਂਡਮੈਟ ਬਿੱਲ 2020 ਵਿਚ ਸੁਧਾਰ ਲਈ ਸਰਕਾਰ ਹੋਈ ਸਹਿਮਤ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ

26 ਜਨਵਰੀ, 2021
ਕਿਸਾਨ ਸੰਗਠਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਗਣਤੰਤਰ ਦਿਵਸ ’ਤੇ ਟਰੈਕਟਰ ਪਰੇਡ ਸੱਦੀ ਸੀ। ਇਸ ਦੌਰਾਨ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦਾ ਪੁਲਸ ਨਾਲ ਮੁਕਾਬਲਾ ਹੋ ਗਿਆ। ਪਰੇਡ ਦੌਰਾਨ ਸਿੰਘੂ ਅਤੇ ਗਾਜ਼ੀਪੁਰ ਬਾਰਡਰ ਦੇ ਕਿਸਾਨਾਂ ਨੇ ਆਪਣਾ ਰੂਟ ਬਦਲ ਦਿੱਤਾ ਅਤੇ ਦਿੱਲੀ ਆਈ.ਟੀ. ਓ. ਤੇ ਲਾਲ ਕਿਲ੍ਹਾ ਦਾ ਰੁਖ਼ ਕਰ ਲਿਆ। ਇਥੇ ਪ੍ਰਦਰਸ਼ਨਕਾਰੀਆਂਂ ’ਤੇ ਲਾਠੀਚਾਰਜ ਹੋਇਆ।

28 ਜਨਵਰੀ, 2021
ਦਿੱਲੀ ਗਾਜ਼ੀਪੁਰ ਬਾਰਡਰ ’ਤੇ ਤਣਾਅ, ਗਾਜ਼ੀਆਬਾਦ ਜ਼ਿਲਾ ਪ੍ਰਸ਼ਾਸਨ ਦਾ ਬਾਰਡਰ ਖਾਲੀ ਕਰਨ ਦਾ ਦਿੱਤਾ ਹੁਕਮ।

05 ਫਰਵਰੀ, 2021
ਦਿੱਲੀ ਸਾਈਬਰ ਕ੍ਰਾਈਮ ਸੈਲ ਵਿਚ ਕਿਸਾਨ ਵਿਰੋਧਾਂ ’ਤੇ ਟੂਲਕਿਟ ਦੀ ਵਰਤੋਂ ਦੀ ਐੱਫ. ਆਈ. ਆਰ. ਦਰਜ।

06 ਫਰਵਰੀ, 2021
ਅੰਦੋਲਨ ਕਰ ਰਹੇ ਕਿਸਾਨਾਂ ਦਾ ਦੇਸ਼ ਭਰ ਵਿਚ ਚੱਕਾ ਜਾਮ।

ਇਹ ਵੀ ਪੜ੍ਹੋ: ਖੇਤੀ ਕਾਨੂੰਨ ਵਾਪਸ ਲੈਣਾ ਸਵਾਗਤਯੋਗ ਕਦਮ, ਸਰਕਾਰ ਹੁਣ MSP ’ਤੇ ਕਾਨੂੰਨ ਬਣਾਏ: ਵਰੁਣ ਗਾਂਧੀ

09 ਫਰਵਰੀ, 2021
ਪੰਜਾਬੀ ਅਦਾਕਾਰ ਅਤੇ ਕਾਰਕੁੰਨ ਦੀਪ ਸਿੱਧੂ ਦੇ ਖਿਲਾਫ ਗਣਤੰਤਰ ਦਿਵਸ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰੀ।

05 ਮਾਰਚ, 2021
ਪੰਜਾਬ ਵਿਧਾਨਸਭਾ ਵਿਚ ਰਿਜਾਲਿਊਸਨ ਪਾਸ-ਤਿਨੋਂ ਖੇਤੀ ਕਾਨੂੰਨਾਂ ਨੂੰ ਪੰਜਾਬ ਵਿਚ ਲਾਗੂ ਨਾ ਹੋਣ ਦੇਣ ਦਾ ਐਲਾਨ।

06 ਮਾਰਚ, 2021
ਕਿਸਾਨ ਕਾਨੂੰਨ ਖਿਲਾਫ ਚਲ ਰਹੇ ਪ੍ਰਦਰਸ਼ਨ ਨੂੰ 100 ਦਿਨ ਪੂਰੇ।

15 ਅਪ੍ਰੈਲ, 2021
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਗੱਲਬਾਤ ਬਹਾਲ ਕਰਨ ਲਈ ਚਿੱਠੀ ਲਿਖੀ।

27 ਮਈ, 2021
ਕਿਸਾਨਾਂ ਨੇ ਕਾਲਾ ਦਿਵਸ ਮਨਾਇਆ ਅਤੇ ਸਰਕਾਰ ਦਾ ਪੁਤਲਾ ਫੂਕਿਆ।

5 ਜੂਨ, 2021
ਕਿਸਾਨਾਂ ਨੇ ਕ੍ਰਾਂਤੀਕਾਰੀ ਦਿਵਸ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ।

ਜੁਲਾਈ, 2021
ਮਾਨਸੂਨ ਸੈਸ਼ਨ ਸ਼ੁਰੂ, ਕਿਸਾਨਾਂ ਨੇ ਪਾਰਲੀਮੈਂਟ ਹਾਊਸ ਨੇੜੇ ਆਪਣਾ ਵੀ ਮਾਨਸੂਨ ਸੈਸ਼ਨ ਚਲਾਇਆ। ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।

07 ਅਗਸਤ, 2021
ਵਿਰੋਧੀ ਧਿਰ ਦੇ 14 ਆਗੂਆਂ ਨੇ ਸਦਨ ਵਿਚ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂਂਨੇ ਦਿੱਲੀ ਦੇ ਜੰਤਰ-ਮੰਤਰ ’ਤੇ ਚਲ ਰਹੇ ਕਿਸਾਨ ਸੰਸਦ ਵਿਚ ਜਾਣ ਦਾ ਫੈਸਲਾ ਲਿਆ।

28 ਅਗਸਤ, 2021
ਹਰਿਆਣਾ ਦੇ ਕਰਨਾਲ ਵਿਚ ਕਿਸਾਨਾਂ ਉੱਪਰ ਲਾਠੀਚਾਰਜ, ਕਈ ਕਿਸਾਨ ਜ਼ਖਮੀ ਹੋਏ।

ਇਹ ਵੀ ਪੜ੍ਹੋ:  ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਤੱਕ ਪ੍ਰਸਤਾਵਿਤ ‘ਟਰੈਕਟਰ ਮਾਰਚ’ ਅਜੇ ਰੱਦ ਨਹੀਂ: ਕਿਸਾਨ ਆਗੂ

22 ਅਕਤੂਬਰ, 2021
ਸੁਪਰੀਮ ਕੋਰਟ ਦਾ ਕਿਸਾਨਾਂ ਵਲੋਂ ਅਣਮਿੱਥੇ ਸਮੇਂ ਲਈ ਰਸਤੇ ਬੰਦ ਕਰਨ ’ਤੇ ਇਤਰਾਜ਼।

29 ਅਕਤੂਬਰ, 2021
ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਣੇ ਹੋਏ ਸ਼ੁਰੂ।

19 ਨਵੰਬਰ, 2021
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਪ੍ਰਧਾਨ ਮੰਤਰੀ ਮੋਦੀ ਨੇ ਤਿਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ।

Tanu

This news is Content Editor Tanu