ਕਿਸਾਨ ਮੋਰਚਾ: ਨਵੇਂ ਸਾਲ ਤੋਂ ਬਾਅਦ ਸੜਕਾਂ ''ਤੇ ਲੰਘੇਗੀ ਕਿਸਾਨਾਂ ਦੀ ਲੋਹੜੀ ਅਤੇ ਮਾਘੀ

01/08/2021 5:35:23 PM

ਨਵੀਂ ਦਿੱਲੀ- ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ ਯਾਨੀ ਸ਼ੁੱਕਰਵਾਰ ਨੂੰ 8ਵੇਂ ਦੌਰ ਦੀ ਬੈਠਕ ਖ਼ਤਮ ਹੋ ਗਈ ਹੈ। ਕਰੀਬ 3 ਘੰਟੇ ਚੱਲੀ ਇਹ ਬੈਠਕ ਵੀ ਬੇਨਤੀਜਾ ਰਹੀ। ਹੁਣ 15 ਜਨਵਰੀ ਨੂੰ 9ਵੇਂ ਦੌਰ ਦੀ ਅਗਲੀ ਬੈਠਕ ਹੋਵੇਗੀ। ਕੇਂਦਰ ਦੇ ਕਾਨੂੰਨ ਰੱਦ ਨਾ ਕਰਨ ਦੇ ਅੜੀਅਲ ਰਵੱਈਏ ਦੇ ਜਵਾਬ 'ਚ ਅੱਜ ਕਿਸਾਨਾਂ ਨੇ ਨਵਾਂ ਨਾਅਰਾ 'ਜਾਂ ਮਰਾਂਗੇ ਜਾਂ ਜਿੱਤਾਂਗੇ' ਲਿਖਤੀ ਰੂਪ 'ਚ ਕੇਂਦਰ ਸਰਕਾਰ ਅੱਗੇ ਰੱਖ ਦਿੱਤਾ ਹੈ। ਕਿਸਾਨਾਂ ਨੇ ਸਾਫ਼ ਕਿਹਾ ਹੈ ਕਿ ਜਾਂ ਤਾਂ ਕਾਨੂੰਨ ਰੱਦ ਹੋਣਗੇ ਜਾਂ ਅਸੀਂ ਆਪਣੀ ਜਾਨ ਕੁਰਬਾਨ ਕਰ ਦੇਵਾਂਗੇ। ਜ਼ਿਕਰਯੋਗ ਹੈ ਕਿ ਕਿਸਾਨਾਂ ਦਾ ਅੰਦੋਲਨ 44ਵੇਂ ਦਿਨ 'ਚ ਪੁੱਜ ਗਿਆ ਹੈ। ਕਿਸਾਨਾਂ ਦੀ ਦੀਵਾਲੀ, ਕ੍ਰਿਸਮਿਸ ਅਤੇ ਨਵਾਂ ਸਾਲ ਮੋਰਚੇ ਦੌਰਾਨ ਦਿੱਲੀ ਦੀਆਂ ਸਰਹੱਦਾਂ 'ਤੇ ਲੰਘਿਆ ਹੈ। ਇਸ ਦੌਰਾਨ 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਉਤਸਵ ਵੀ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੀ ਸਿੰਘੂ ਅਤੇ ਟਿਕਰੀ ਬਾਰਡਰਾਂ 'ਤੇ ਸ਼ਰਧਾਪੂਰਵਕ ਮਨਾਏ ਗਏ। ਹੁਣ ਕਿਸਾਨਾਂ ਦੀ ਲੋਹੜੀ ਅਤੇ ਮਾਘੀ ਵੀ ਸੜਕਾਂ 'ਤੇ ਹੀ ਲੰਘੇਗੀ। 


ਇਹ ਵੀ ਪੜ੍ਹੋ : ਕੇਂਦਰ ਵਲੋਂ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ, ਕਿਸਾਨਾਂ ਦਾ ਲਿਖਤੀ ਜਵਾਬ 'ਜਾਂ ਮਰਾਂਗੇ ਜਾਂ ਜਿੱਤਾਂਗੇ'

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 4 ਜਨਵਰੀ ਨੂੰ ਹੋਈ ਬੈਠਕ ਦੇ ਬੇਨਤੀਜਾ ਰਹਿਣ ਤੋਂ ਬਾਅਦ ਇਹ ਬੈਠਕ ਅਹਿਮ ਹੈ। ਸਰਕਾਰ ਨੇ 30 ਦਸੰਬਰ ਨੂੰ 6ਵੇਂ ਦੌਰ ਦੀ ਗੱਲਬਾਤ 'ਚ ਕਿਸਾਨਾਂ ਦੀ ਬਿਜਲੀ ਸਬਸਿਡੀ ਅਤੇ ਪਰਾਲੀ ਸਾੜਨ ਸੰਬੰਧੀ 2 ਮੰਗਾਂ ਨੂੰ ਮੰਨ ਲਿਆ ਸੀ। ਇਸ ਤੋਂ ਪਹਿਲਾਂ ਕਿਸੇ ਵੀ ਬੈਠਕ 'ਚ ਕੋਈ ਸਫ਼ਲਤਾ ਨਹੀਂ ਮਿਲੀ ਸੀ। 8ਵੇਂ ਦੌਰ ਦੀ ਬੈਠਕ ਤੋਂ ਪਹਿਲਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੱਲ ਦੇ ਇਤਿਹਾਸਕ ਟਰੈਕਟਰ ਮਾਰਚ ਦਾ ਅਸਰ ਅੱਜ ਦੀ ਬੈਠਕ 'ਚ ਦੇਖਣ ਨੂੰ ਮਿਲੇਗਾ। 

ਨੋਟ : ਕਿਸਾਨਾਂ ਅਤੇ ਕੇਂਦਰ ਵਿਚਾਲੇ ਅੱਜ ਦੀ ਬੈਠਕ ਬੇਨਤੀਜਾ ਰਹਿਣ ਬਾਰੇ ਕੀ ਹੈ ਤੁਹਾਡੀ ਰਾਏ? 

DIsha

This news is Content Editor DIsha