ਕਿਸਾਨ ਧੀਆਂ ਨੇ PM ਨੂੰ ਲਿਖੀ ਚਿੱਠੀ, ਕਿਹਾ- ‘ਮੋਦੀ ਜੀ ਤੁਸੀਂ ਇੰਝ ਹੀ ਜਿੱਦ ’ਤੇ ਅੜੇ ਰਹੇ ਤਾਂ...’

12/22/2020 10:30:57 AM

ਫਤਿਹਾਬਾਦ— ਕਿਸਾਨ ਅੰਦੋਲਨ ਨੂੰ ਸ਼ੁਰੂ ਹੋਇਆ ਅੱਜ ਯਾਨੀ ਕਿ ਮੰਗਲਵਾਰ ਨੂੰ 27ਵਾਂ ਦਿਨ ਹੈ। ਇਕ ਪਾਸੇ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਉਨ੍ਹਾਂ ਦੇ ਪਿੱਛੇ ਖੇਤਾਂ ਦੀ ਸਾਂਭ-ਸੰਭਾਲ ਪਤਨੀ ਅਤੇ ਬੱਚੇ ਕਰ ਰਹੇ ਹਨ। ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਅਤੇ ਖੁੱਲ੍ਹੇ ਆਸਮਾਨ ਹੇਠਾਂ ਬੈਠੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਧੀਆਂ ਨੂੰ ਵੀ ਚਿੰਤਾ ਸਤਾਉਣ ਲੱਗੀ ਹੈ। ਧੀਆਂ ਨੇ ਆਪਣਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ, ਜਿਸ ’ਚ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦੇਣ।

ਚਿੱਠੀ ਜ਼ਰੀਏ ਕਿਸਾਨਾਂ ਦੀਆਂ ਧੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਰ ਤੁਸੀਂ ਹਮੇਸ਼ਾ ਆਪਣੀ ‘ਮਨ ਕੀ ਬਾਤ’ ਕਰਦੇ ਹੋ, ਹੁਣ ਕਿਸਾਨਾਂ ਦੇ ਮਨ ਦੀ ਵੀ ਗੱਲ ਸੁਣੋ, ਅੱਜ ਕਿਸਾਨ ਉਨ੍ਹਾਂ ਤੋਂ ਕੁਝ ਮੰਗ ਰਹੇ ਹਨ। ਚਿੱਠੀ ਲਿਖਣ ਵਾਲੀਆਂ ਧੀਆਂ ਨੇ ਲਿਖਿਆ ਕਿ ਉਨ੍ਹਾਂ ਦੇ ਆਪਣੇ ਕੜਾਕੇ ਦੀ ਠੰਡ ਵਿਚ ਖੁੱਲ੍ਹੇ ਆਸਮਾਨ ਹੇਠਾਂ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਹੈ। ਇਸ ਅੰਦੋਲਨ ਕਾਰਨ ਕਈ ਪਰਿਵਾਰਾਂ ਤੋਂ ਉਨ੍ਹਾਂ ਦੇ ਆਪਣੇ ਦੂਰ ਗਏ, ਕਈ ਬੱਚੇ ਅਨਾਥ ਹੋ ਗਏ। ਧੀਆਂ ਤੋਂ ਉਨ੍ਹਾਂ ਦੇ ਪਿਤਾ ਦੂਰ ਚੱਲੇ ਗਏ ਪਰ ਤੁਹਾਡਾ ਦਿਲ ਨਹੀਂ ਪਸੀਜਿਆ। 

ਚਿੱਠੀ ਵਿਚ ਲਿਖਿਆ ਗਿਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਸ਼ਾਇਦ ਕਿਸਾਨਾਂ ਦੀ ਤਕਲੀਫ਼ ਮਹਿਸੂਸ ਹੀ ਨਹੀਂ ਕਰ ਪਾ ਰਹੇ ਹਨ। ਕਿਸਾਨ ਹੱਡ ਚੀਰਵੀਂ ਠੰਡ, ਗਰਮੀ, ਲੂ ’ਚ ਫ਼ਸਲਾਂ ਦੀ ਦੇਖ-ਰੇਖ ਕਰਦੇ ਹਨ ਤਾਂ ਹੀ ਤੁਹਾਨੂੰ ਖਾਣ ਲਈ ਰੋਟੀ ਮਿਲਦੀ ਹੈ। ਅੱਜ ਤੁਸੀਂ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਕਿਉਂ ਸਤਾ ਰਹੇ ਹੋ। ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇ ਦਿਓ।

ਜੇਕਰ ਤੁਸੀਂ ਇੰਝ ਹੀ ਜਿੱਦ ’ਤੇ ਅੜੇ ਰਹੇ ਤਾਂ ਕਿੱਥੇ ਇਹ ਨਾ ਹੋਵੇ ਕਿ ਕਿਤਾਬਾਂ ਵਾਲੇ ਹੱਥ ਬਾਰਡਰ ’ਤੇ ਆ ਕੇ ਆਪਣੇ ਹੱਕ ਮੰਗਣ ਲੱਗਣ, ਫਿਰ ਤੁਹਾਡੇ ਲਈ ਮੁਸ਼ਕਲ ਹੋ ਜਾਵੇਗੀ। ਇਕ ਧੀ ਨੂੰ ਉਸ ਦਾ ਹੱਕ ਦੇਣਾ ਹੀ ਪਵੇਗਾ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu