ਆਪਣੀ ਮੰਗਾਂ ਨੂੰ ਲੈ ਕੇ ਸਿਰਸਾ 'ਚ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ, ਸਰਕਾਰ ਦਾ ਪੁਤਲਾ ਫੂਕਿਆ

01/30/2023 5:42:40 PM

ਸਿਰਸਾ- ਹਰਿਆਣਾ ਦੇ ਸਿਰਸਾ ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੋਮਵਾਰ ਨੂੰ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਧ-ਨਗਨ ਹੋ ਕੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਵੀ ਫੂਕੇ। ਸਾਉਣੀ ਦੀ ਫ਼ਸਲ-2020 ਦੇ ਬਕਾਇਆ ਮੁਆਵਜ਼ਾ, ਬੀਮਾ ਕਲੇਮ, ਬਿਜਲੀ, ਨਹਿਰੀ ਪਾਣੀ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਵਿਚ ਚੱਲ ਰਹੇ ਪੱਕਾ ਮੋਰਚਾ 'ਤੇ ਬੈਠੇ ਕਿਸਾਨ ਅੱਧ-ਨਗਨ ਹੋ ਕੇ ਪ੍ਰਦਰਸ਼ਨ ਕਰਦਿਆਂ ਲਾਲ ਬੱਤੀ ਚੌਕ ਪਹੁੰਚੇ। ਇੱਥੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਕਿਸਾਨ ਆਗੂ ਪ੍ਰਕਾਸ਼ ਮਾਮੇਰਾ ਅਤੇ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਠੰਡ ਦੇ ਮੌਸਮ 'ਚ ਵੀ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਕਾਮੀ ਕਾਰਨ ਵੱਡੀ ਗਿਣਤੀ 'ਚ ਕਿਸਾਨ ਧਰਨੇ ’ਤੇ ਬੈਠਣ ਲਈ ਮਜਬੂਰ ਹਨ। ਸਰਕਾਰ ਦੀ ਕਿਸਾਨਾਂ ਪ੍ਰਤੀ ਉਦਾਸੀਨਤਾ ਕਿਸਾਨਾਂ ਨੂੰ ਮੁੜ ਅੰਦੋਲਨ ਕਰਨ ਲਈ ਮਜਬੂਰ ਕਰ ਰਹੀ ਹੈ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਕਹਿਣ 'ਤੇ ਬੀਮਾ ਕੰਪਨੀਆਂ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਹਜ਼ਮ ਕਰਨਾ ਚਾਹੁੰਦੀਆਂ ਹਨ ਪਰ ਜਾਗਰੂਕ ਕਿਸਾਨ ਉਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।

ਕਿਸਾਨਾਂ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੱਕਾ ਮੋਰਚੇ 'ਚ ਵੱਧ ਤੋਂ ਵੱਧ ਗਿਣਤੀ 'ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਤਾਂ ਜੋ ਸੁੱਤੀ ਪਈ ਸਰਕਾਰ ਅਤੇ ਪ੍ਰਸ਼ਾਸਨਕ ਤੰਤਰ ਨੂੰ ਜਗਾਇਆ ਜਾ ਸਕੇ। ਇਸ ਮੌਕੇ ਜਗਦੀਸ਼ ਸਵਾਮੀ, ਸੁਭਾਸ਼ ਬਚੇਰ, ਇਕਬਾਲ ਸਿੰਘ, ਗੁਰਵਿੰਦਰ ਸਿੰਘ, ਨਵਦੀਪ ਸਿੰਘ, ਹੰਸਰਾਜ ਪਾਚਰ, ਸੁਨੀਲ ਨੈਨ, ਪ੍ਰਦੀਪ ਕਸਾਨੀਆ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ। ਇਸ ਉਪਰੰਤ ਪੱਕਾ ਮੋਰਚਾ ਵਿਖੇ ਮੀਟਿੰਗ ਕਰਕੇ 6 ਫਰਵਰੀ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੇ ਪ੍ਰਚਾਰ ਲਈ ਕਿਸਾਨਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।

Tanu

This news is Content Editor Tanu