ਕਿਸਾਨਾਂ ਨੇ 8 ਦਸੰਬਰ ਨੂੰ ਕੀਤਾ ਭਾਰਤ ਬੰਦ ਦਾ ਐਲਾਨ

12/04/2020 5:15:10 PM

ਨਵੀਂ ਦਿੱਲੀ- ਦਿੱਲੀ ਦੇ ਸਿੰਘੂ ਬਾਰਡਰ ਤੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੀ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਐੱਚ.ਐੱਸ. ਲੱਖੋਵਾਲ ਨੇ ਦੱਸਿਆ ਕਿ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੱਲ ਯਾਨੀ 5 ਦਸੰਬਰ ਨੂੰ ਦੇਸ਼ ਭਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਅੱਜ ਸਵੇਰੇ 10 ਵਜੇ ਤੋਂ ਇਕ ਵਜੇ ਤੱਕ ਮੀਟਿੰਗ ਹੋਈ। ਲੱਖੋਵਾਲ ਨੇ ਦੱਸਿਆ ਕਿ ਕੱਲ ਯਾਨੀ ਵੀਰਵਾਰ ਨੂੰ ਜੋ ਸਰਕਾਰ ਨਾਲ ਮੀਟਿੰਗ ਹੋਈ ਉਹ ਪਰਵਾਨ ਨਹੀਂ ਚੜ੍ਹੀ। ਸਰਕਾਰ ਕਿਸਾਨਾਂ ਦੀਆਂ ਦਲੀਲਾਂ ਮੰਨ ਕੇ ਕਾਨੂੰਨਾਂ 'ਚ ਸੋਧ ਕਰਨ ਲਈ ਤਿਆਰ ਹੋ ਗਈ ਹੈ। ਪਰ ਕਿਸਾਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਵਾਪਸ ਕਰਵਾ ਕੇ ਹੀ ਜਾਵਾਂਗੇ। ਸਾਨੂੰ ਸੋਧ ਮਨਜ਼ੂਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਬੈਂਗਲੁਰੂ, ਮਹਾਰਾਸ਼ਟਰ, ਕਰਨਾਟਕ ਸਾਰੇ ਪਾਸੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 5 ਦਸੰਬਰ ਨੂੰ ਹੋਣ ਵਾਲੀ ਬੈਠਕ 'ਚ ਸਿਰਫ਼ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਜਾਵੇਗੀ। ਅਸੀਂ ਸਰਕਾਰ ਨੂੰ ਝੁਕਾ ਕੇ ਹੀ ਜਾਵਾਂਗੇ। ਕਿਸਾਨਾਂ ਨੇ ਸੈਸ਼ਨ ਬੁਲਾ ਕੇ ਕਾਨੂੰਨ ਰੱਦ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਕੱਲ ਯਾਨੀ 5 ਦਸੰਬਰ ਨੂੰ ਕੇਂਦਰ ਨਾਲ ਕਿਸਾਨਾਂ ਦੀ 5ਵੇਂ ਦੌਰ ਦੀ ਬੈਠਕ ਹੈ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਖ਼ਤ ਸੁਰੱਖਿਆ ਵਿਚਾਲੇ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ ਪ੍ਰਦਰਸ਼ਨਕਾਰੀ

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਸਾਨਾਂ ਦੇ ਪ੍ਰਤੀਨਿਧੀਆਂ ਨਾਲ ਚੌਥੇ ਦੌਰ ਦੀ ਗੱਲਬਾਤ ਕੀਤੀ। ਦੋਹਾਂ ਪੱਖਾਂ 'ਚ ਬੈਠਕ 8 ਘੰਟਿਆਂ ਤੱਕ ਚੱਲੀ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਸਰਕਾਰ ਨੇ ਇਕ ਵਾਰ ਫਿਰ ਅਗਲੇ ਦੌਰ ਦੀ ਵਾਰਤਾ ਲਈ ਕਿਸਾਨਾਂ ਨੂੰ 5 ਦਸੰਬਰ ਨੂੰ ਬੁਲਾਇਆ ਹੈ। ਬੈਠਕ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ 'ਚ ਸੋਧ ਸਾਨੂੰ ਮਨਜ਼ੂਰ ਨਹੀਂ ਹੈ, ਅਸੀਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਕੀਤੇ ਜਾਣ ਨਾਲ ਹੀ ਮੰਨਾਂਗੇ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵਲੋਂ ਲਾਏ ਬੈਰੀਕੇਡਜ਼ ਲੰਘਣ ਲਈ ਕਿਸਾਨਾਂ ਨੇ ਪੰਜਾਬ ਤੋਂ ਮੰਗਵਾਏ ਘੋੜੇ

ਨੋਟ : ਕਿਸਾਨਾਂ ਵਲੋਂ ਭਾਰਤ ਬੰਦ ਦਾ ਐਲਾਨ, ਕੁਮੈਂਟ ਬਾਕਸ 'ਚ ਦੱਸੋ ਆਪਣੀ ਰਾਏ

DIsha

This news is Content Editor DIsha