ਫਰਜ਼ੀ ਈਮੇਲ ਨਾਲ ਸਿਹਤ ਮੰਤਰਾਲੇ ਨੂੰ ਲਾਇਆ 4 ਕਰੋੜ ਦਾ ਚੂਨਾ

01/12/2019 12:41:11 AM

ਨਵੀਂ ਦਿੱਲੀ— ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਫਰਜ਼ੀ ਈਮੇਲ ਦੇ ਜ਼ਰੀਏ ਬਿੱਲ ਭੇਜ ਕੇ 4 ਕਰੋੜ ਰੁਪਏ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਸੋਮਵਾਰ ਨੂੰ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਆਸਾਮ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਈਮੇਲ ਭੇਜਣ ਵਾਲੀ ਏਜੰਸੀ ਐੱਨ. ਆਈ. ਸੀ. ਦੇ ਕੁਝ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਦਰਅਸਲ ਨਿਰਮਾਣ ਭਵਨ ਸਥਿਤ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦਾ ਪਬਲਿਕ ਫਾਈਨਾਂਸ਼ੀਅਲ ਮੈਨੇਜਮੈਂਟ ਸਿਸਟਮ ਹੈ। ਇਸ ਦੇ ਜ਼ਰੀਏ ਮੰਤਰਾਲੇ ਦੇ ਦੇਸ਼ ਭਰ ਵਿਚ ਫੈਲੇ ਦਫਤਰਾਂ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹ ਬਿੱਲ ਈਮੇਲ ਦੇ ਜ਼ਰੀਏ ਮੰਤਰਾਲੇ ਦੇ ਪਬਲਿਕ ਫਾਈਨਾਂਸ਼ੀਅਲ ਮੈਨੇਜਮੈਂਟ ਸਿਸਟਮ ਦੀ ਵੈੱਬਸਾਈਟ 'ਤੇ ਭੇਜੇ ਜਾਂਦੇ ਹਨ। ਇਹ ਈਮੇਲ ਸਰਕਾਰੀ ਸੰਸਥਾ ਐੱਨ. ਆਈ. ਸੀ. ਵਲੋਂ ਨਿਰਧਾਰਿਤ ਪ੍ਰਕਿਰਿਆ ਦੇ ਤਹਿਤ ਤਿਆਰ ਕਰ ਕੇ ਭੇਜੀ ਜਾਂਦੀ ਹੈ।