12ਵੀਂ ਪਾਸ ਫਰਜ਼ੀ ਡਾਕਟਰ 9 ਸਾਲਾਂ ਤੋਂ ਕਰ ਰਿਹਾ ਸੀ ਮਰੀਜ਼ਾਂ ਦੀ ਜਾਂਚ, ਇਸ ਤਰ੍ਹਾਂ ਖੁੱਲ੍ਹੀ ਪੋਲ

06/26/2019 11:25:06 AM

ਸੀਕਰ— ਰਾਜਸਥਾਨ ਪੁਲਸ ਨੇ ਸੀਕਰ 'ਚ ਇਕ ਪ੍ਰਾਈਵੇਟ ਹਸਪਤਾਲ ਤੋਂ ਫਰਜ਼ੀ ਡਾਕਟਰ ਨੂੰ ਫੜਿਆ ਹੈ। ਮਾਨਸਿੰਘ ਬਘੇਲ (44) ਨੰ ਦਾ ਇਹ ਸ਼ਖਸ ਕ੍ਰਿਸ਼ਨ ਕਨ੍ਹਈਆ ਕੇਅਰ ਹਸਪਤਾਲ 'ਚ ਹਰ ਮਹੀਨੇ ਇਕ ਲੱਖ ਰੁਪਏ ਦੀ ਤਨਖਾਹ ਵੀ ਲੈ ਰਿਹਾ ਸੀ। ਦਿਨ ਭਰ 'ਚ ਕਰੀਬ 25 ਮਰੀਜ਼ ਦੀ ਜਾਂਚ ਕਰਦਾ ਸੀ। ਇਕ ਮਰੀਜ਼ ਦੀ ਹਾਲਤ ਵਿਗੜਨ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਦੀ ਜਾਂਚ 'ਚ ਉਸ ਦਾ ਪਰਦਾਫਾਸ਼ ਹੋਇਆ। ਸਿਰਫ 12ਵੀਂ ਪਾਸ ਮਾਨਸਿੰਘ 5 ਮਹੀਨਿਆਂ ਤੋਂ ਸੀਕਰ 'ਚ ਤਾਇਨਾਤ ਸੀ। ਇਸ ਤੋਂ ਪਹਿਲਾਂ ਉਸ ਨੇ 9 ਸਾਲ ਤੱਕ ਆਗਰਾ 'ਚ ਕਲੀਨਿਕ ਚਲਾਇਆ। ਦੋਹਾਂ ਜਗ੍ਹਾ 'ਤੇ ਉਸ ਨੇ ਕਰੀਬ 90 ਹਜ਼ਾਰ ਮਰੀਜ਼ਾਂ ਨੂੰ ਜਾਂਚਿਆ। ਉਸ ਦਾ ਦਾਅਵਾ ਹੈ ਕਿ 5 ਸਾਲ ਪਹਿਲਾਂ ਮਥੁਰਾ ਜਾਂਦੇ ਸਮੇਂ ਉਸ ਨੂੰ ਟਰੇਨ 'ਚ ਡਾਕਟਰ ਮਨੋਜ ਕੁਮਾਰ ਦੀ ਡਿਗਰੀ ਪਈ ਮਿਲੀ ਸੀ। ਉਸੇ ਅਨੁਸਾਰ ਆਪਣੇ ਬਾਕੀ ਫਰਜ਼ੀ ਪਛਾਣ ਪੱਤਰ ਵੀ ਤਿਆਰ ਕਰ ਲਏ ਸਨ।

ਵੋਟਿੰਗ ਕਾਰਡ ਰਾਹੀਂ ਖੁੱਲ੍ਹੀ ਪੋਲ
ਸੀਕਰ ਦੇ ਹਸਪਤਾਲ 'ਚ ਉਹ ਮਰੀਜ਼ਾਂ ਨੂੰ ਇਕੋ ਜਿਹੀ ਦਵਾਈ ਹੀ ਦਿੰਦਾ ਸੀ। ਇਲਾਜ ਲਈ ਘਰੇਲੂ ਨੁਸਖੇ ਜ਼ਿਆਦਾ ਅਜਮਾਉਣ ਦੀ ਗੱਲ ਕਰਦਾ ਸੀ। ਜੂਨ ਦੇ ਦੂਜੇ ਹਫ਼ਤੇ ਇਕ ਔਰਤ ਦਿਲ ਦੀ ਬੀਮਾਰੀ ਦਾ ਇਲਾਜ ਕਰਵਾਉਣ ਪਹੁੰਚੀ। ਇਸ ਫਰਜ਼ੀ ਡਾਕਟਰ ਨੇ ਔਰਤ ਨੂੰ ਡਰਿੱਪ ਚੜ੍ਹਾ ਦਿੱਤਾ। ਹਾਲਤ ਵਿਗੜਨ 'ਤੇ ਉਸ ਨੂੰ ਦੂਜੇ ਹਸਪਤਾਲ ਰੈਫਰ ਕਰਨਾ ਪਿਆ। ਹਸਪਤਾਲ ਪ੍ਰਸ਼ਾਸਨ ਨੇ ਜਦੋਂ ਉਸ ਦੇ ਵੋਟਿੰਗ ਕਾਰਡ ਦੀ ਜਾਂਚ ਕੀਤੀ ਤਾਂ ਉਸ 'ਚ ਦੂਜੀ ਪਛਾਣ ਮਿਲੀ। ਮਾਨਸਿੰਘ ਮੂਲ ਰੂਪ ਨਾਲ ਆਗਰਾ ਦਾ ਰਹਿਣ ਵਾਲਾ ਹੈ। ਉਹ ਸਾਰੇ ਮਰੀਜ਼ਾਂ ਨੂੰ ਪੈਰਾਸੀਟਾਮੋਲ ਵਰਗੀਆਂ ਆਮ ਦਵਾਈਆਂ ਲਿਖਦਾ ਸੀ। ਗੰਭੀਰ ਮਰੀਜ਼ਾਂ ਨੂੰ ਹੋਰ ਹਸਪਤਾਲ ਰੈਫਰ ਕਰ ਦਿੰਦਾ ਸੀ।

ਅਸਲੀ ਡਾਕਟਰ ਨੇ ਦੱਸਿਆ 2005 'ਚ ਚੋਰੀ ਹੋਇਆ ਸੀ ਬੈਗ
ਅਸਲੀ ਡਾਕਟਰ ਮਨੋਜ ਕੁਮਾਰ ਦਾ ਹਰਿਆਣਾ ਦੇ ਪਲਵਲ ਜ਼ਿਲੇ 'ਚ ਸਹਾਰਾ ਹਸਪਤਾਲ ਹੈ। ਉਨ੍ਹਾਂ ਦੀ ਪਤਨੀ ਪ੍ਰਿਯੰਕਾ ਵੀ ਡਾਕਟਰ ਹੈ। ਉਨ੍ਹਾਂ ਦੀ ਡਿਗਰੀ ਦੇ ਨਾਂ 'ਤੇ ਫਰਜ਼ੀ ਤਰੀਕੇ ਨਾਲ ਨੌਕਰੀ ਕਰਨ ਦੀ ਜਾਣਕਾਰੀ ਮਿਲਣ 'ਤੇ ਉਹ ਸੀਕਰ ਆਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੈਗ 2005 'ਚ ਬੱਸ 'ਚੋਂ ਚੋਰੀ ਹੋ ਗਿਆ ਸੀ। ਉਨ੍ਹਾਂ ਨੇ ਬੈਗ ਚੋਰੀ ਹੋਣ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਕਰ ਮਨੋਜ ਦਾ ਬੈਗ 2005 'ਚ ਚੋਰੀ ਹੋਇਆ ਸੀ ਤਾਂ ਮਾਨਸਿੰਘ ਨੂੰ ਡਿਗਰੀ 5 ਸਾਲ ਪਹਿਲਾਂ ਟਰੇਨ 'ਚ ਕਿਵੇਂ ਮਿਲੀ।

DIsha

This news is Content Editor DIsha