ਫੇਸਬੁੱਕ ਦਾ ਮੁਕੇਸ਼ ਅੰਬਾਨੀ ਨੂੰ ਜਵਾਬ, 'ਡਾਟਾ ਕੋਈ ਤੇਲ ਨਹੀਂ '

09/12/2019 5:29:28 PM

ਨਵੀਂ ਦਿੱਲੀ — ਫੇਸਬੁੱਕ ਇੰਕ. ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਡਾਟਾ ਕੋਈ ਨਵਾਂ ਤੇਲ ਨਹੀਂ ਹੈ। ਭਾਰਤ ਵਰਗੇ ਦੇਸ਼ਾਂ ਨੂੰ ਡਾਟਾ ਨੂੰ ਦੇਸ਼ ਦੇ ਅੰਦਰ ਹੀ ਰੋਕਣ ਦੀ ਬਜਾਏ ਇਸਦੇ ਦੂਜੇ ਦੇਸ਼ਾਂ 'ਚ ਮੁਕਤ ਵਹਾਅ ਦੀ ਆਗਿਆ ਦੇਣੀ ਚਾਹੀਦੀ ਹੈ। ਫੇਸਬੁੱਕ ਦੇ ਉਪ-ਰਾਸ਼ਟਰਪਤੀ (ਵਿਦੇਸ਼ੀ ਮਾਮਲੇ ਅਤੇ ਸੰਚਾਰ) ਨਿਕ ਕਲੇਗ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰੀ ਸੁਰੱਖਿਆ ਲਈ ਅੰਕੜੇ ਸਾਂਝਾ ਕਰਨਾ ਮਹੱਤਵਪੂਰਨ ਹੈ। ਗੰਭੀਰ ਅਪਰਾਧ ਅਤੇ ਅੱਤਵਾਦ 'ਤੇ ਸ਼ਿਕੰਜਾ ਕੱਸਣ ਵਿਚਕਾਰ ਭਾਰਤ ਖੁਦ ਨੂੰ ਪ੍ਰਮੁੱਖ ਗਲੋਬਲ ਡਾਟਾ-ਸ਼ੇਅਰਿੰਗ ਪਹਿਲਕਦਮੀਆਂ ਤੋਂ ਬਾਹਰ ਰੱਖਦਾ ਹੈ। ਉਨ੍ਹਾਂ ਕਿਹਾ, 'ਭਾਰਤ ਨੂੰ ਇੰਟਰਨੈਟ ਲਈ ਇਕ ਨਵਾਂ ਬਲੂਪ੍ਰਿੰਟ ਬਣਾਉਣਾ ਚਾਹੀਦਾ ਹੈ ਜਿਹੜਾ ਵਿਅਕਤੀਗਤ ਅਧਿਕਾਰਾਂ ਦਾ ਸਤਿਕਾਰ ਕਰਦਾ ਹੋਵੇ। ਇਸ ਦੇ ਨਾਲ ਹੀ ਮੁਕਾਬਲੇਬਾਜ਼ੀ ਅਤੇ ਨਵੀਨਤਾ ਨੂੰ ਵੀ ਉਤਸ਼ਾਹਤ ਕਰੇ ਅਤੇ ਸਾਰਿਆਂ ਲਈ ਮੁਫਤ ਅਤੇ ਆਸਾਨੀ ਨਾਲ ਉਪਲੱਬਧ ਹੋਵੇ।'

ਜ਼ਿਕਰਯੋਗ ਹੈ ਕਿ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਡਾਟਾ ਇਕ ਨਵੇਂ ਤੇਲ ਦੀ ਤਰ੍ਹਾਂ ਹੈ। ਭਾਰਤੀ ਡਾਟਾ ਦਾ ਕੰਟਰੋਲ ਅਤੇ ਮਾਲਕੀ ਭਾਰਤੀ ਲੋਕਾਂ ਕੋਲ ਹੋਣੀ ਚਾਹੀਦੀ ਹੈ ਨਾ ਕਿ ਡਾਟਾ ਕੰਪਨੀਆਂ ਜਾਂ ਖ਼ਾਸਕਰਕੇ ਵਿਦੇਸ਼ੀ ਕੰਪਨੀਆਂ ਕੋਲ।

ਕਲੇਗ ਨੇ ਇਥੇ ਇਕ ਸਮਾਰੋਹ 'ਚ ਕਿਹਾ, 'ਭਾਰਤ ਅਤੇ ਪੂਰੀ ਦੁਨੀਆ ਵਿਚ ਬਹੁਤ ਸਾਰੇ ਲੋਕ ਹਨ ਜਿਹੜੇ ਕਿ ਡਾਟਾ ਨੂੰ ਨਵਾਂ ਤੇਲ ਮੰਨਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਦੇਸ਼ ਦੀਆਂ ਸਰਹੱਦਾਂ ਵਿਚ ਅਜਿਹੇ ਤੇਲ (ਅੰਕੜਿਆਂ) ਦੇ ਭੰਡਾਰ ਰੱਖਣ ਨਾਲ ਖੁਸ਼ਹਾਲੀ ਆਵੇਗੀ।' ਹਾਲਾਂਕਿ  ਇਹ ਮੰਨਣਾ ਬਿਲਕੁਲ ਗਲਤ ਹੈ। ਉਨ੍ਹਾਂ ਨੇ ਕਿਹਾ, 'ਡਾਟਾ ਕੋਈ ਤੇਲ ਨਹੀਂ ਹੈ। ਜਿਸਨੂੰ ਧਰਤੀ ਤੋਂ ਬਾਹਰ ਕੱਢ ਕੇ ਉਸਦਾ ਕੰਟਰੋਲ ਆਪਣੇ ਹੱਥ 'ਚ ਰੱਖਿਆ ਜਾਏ ਅਤੇ ਉਸ ਦਾ ਕਾਰੋਬਾਰ ਕੀਤਾ ਜਾਵੇ। ਇਹ ਨਵੀਨਤਾ ਦੇ ਵਿਸ਼ਾਲ ਸਮੁੰਦਰ ਦੇ ਰੂਪ 'ਚ ਹੈ। 'ਕਲੇਗ ਨੇ ਕਿਹਾ ਕਿ ਡਾਟਾ ਦਾ ਮੁੱਲ 'ਜਮ੍ਹਾਂਖੋਰੀ' ਜਾਂ ਫਿਰ ਸੀਮਤ ਵਸਤੂ ਦੇ ਰੂਪ 'ਚ ਇਸ ਦਾ ਕਾਰੋਬਾਰ ਕਰਨ ਨਾਲ ਨਹੀਂ ਮਿਲਦਾ ਸਗੋਂ ਡਾਟਾ ਦੇ ਮੁਕਤ ਵਹਾਅ ਦੀ ਆਗਿਆ ਦੇਣੀ ਚਾਹੀਦੀ ਹੈ। ਇਹ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ।  ਕਲੇਗ ਨੇ ਕਿਹਾ ਕਿ ਡਾਟਾ ਨੂੰ ਦੇਸ਼ ਦੀ ਸਰਹੱਦ 'ਚ ਬੰਨ੍ਹ ਕੇ ਰੱਖਣਾ ਅਤੇ ਦੂਜੇ ਦੇਸ਼ਾਂ 'ਚ ਇਸ ਦੇ ਪ੍ਰਵਾਹ ਨੂੰ ਰੋਕਣ ਨਾਲ ' ਇਹ ਨਵੀਨਤਾ ਦੇ ਵਿਸ਼ਾਲ ਸਮੁੰਦਰ ਨੂੰ ਝੀਲ 'ਚ ਬਦਲ ਦੇਵੇਗਾ'।