ਨਫ਼ਰਤੀ ਭਾਸ਼ਣ ਮਾਮਲਾ: ਭਾਜਪਾ ਵਿਧਾਇਕ ਰਾਜਾ ਸਿੰਘ ਨੂੰ ਫੇਸਬੁੱਕ ਨੇ ਕੀਤਾ ਬੈਨ

09/03/2020 3:29:22 PM

ਨਵੀਂ ਦਿੱਲੀ— ਭਾਰਤ 'ਚ ਨਫ਼ਰਤੀ ਭਾਸ਼ਣ (ਹੇਟ ਸਪੀਚ) ਮਾਮਲੇ ਵਿਚ ਵਿਰੋਧੀ ਧਿਰ ਦੀਆਂ ਪਾਰਟੀਆਂ ਵਲੋਂ ਭਾਜਪਾ ਨੇਤਾਵਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਦਰਮਿਆਨ ਫੇਸਬੁੱਕ ਨੇ ਭਾਜਪਾ ਵਿਧਾਇਕ 'ਤੇ ਸਖਤ ਕਾਰਵਾਈ ਕੀਤੀ ਹੈ। ਫੇਸਬੁੱਕ ਨੇ ਤੇਲੰਗਾਨਾ ਤੋਂ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਨੂੰ ਆਪਣੇ ਪਲੇਟਫ਼ਾਰਮ ਤੋਂ ਬੈਨ ਕਰ ਦਿੱਤਾ ਹੈ। ਨਫ਼ਰਤ ਅਤੇ ਹਿੰਸਾ ਨੂੰ ਹੱਲਾ-ਸ਼ੇਰੀ ਦੇਣ ਵਾਲੀਆਂ ਸਮੱਗਰੀਆਂ ਨੂੰ ਲੈ ਕੇ ਫੇਸਬੁੱਕ ਦੀ ਨੀਤੀ ਦਾ ਉਲੰਘਣ ਕਰਨ 'ਤੇ ਭਾਜਪਾ ਵਿਧਾਇਕ ਨੂੰ ਬੈਨ ਕੀਤਾ ਹੈ। ਫੇਸਬੁੱਕ ਦੇ ਇਕ ਬੁਲਾਰੇ ਨੇ ਈ-ਮੇਲ ਜ਼ਰੀਏ ਬਿਆਨ 'ਚ ਕਿਹਾ ਕਿ ਸਾਡੇ ਪਲੇਟਫਾਰਮ 'ਤੇ ਹਿੰਸਾ ਅਤੇ ਨਫ਼ਰਤ ਨੂੰ ਹੱਲਾ-ਸ਼ੇਰੀ ਦੇਣ ਤੋਂ ਰੋਕਣ ਲਈ ਜੋ ਨੀਤੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਦਾ ਉਲੰਘਣ ਕਰਨ 'ਤੇ ਅਸੀਂ ਰਾਜਾ ਸਿੰਘ ਨੂੰ ਫੇਸਬੁੱਕ 'ਤੇ ਬੈਨ ਕਰ ਦਿੱਤਾ ਹੈ। ਨਫ਼ਰਤੀ ਭਾਸ਼ਣ ਮਾਮਲੇ ਤਹਿਤ ਫੇਸਬੁੱਕ ਨੇ ਉਨ੍ਹਾਂ ਦੇ ਅਕਾਊਂਟ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। 

ਦਰਅਸਲ ਇਸ ਦੀ ਸ਼ੁਰੂਆਤ ਇਕ ਅੰਗਰੇਜ਼ੀ ਅਖ਼ਬਾਰ ਦੀ ਇਕ ਖ਼ਬਰ ਤੋਂ ਹੋਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਫੇਸਬੁੱਕ ਭਾਜਪਾ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੀ ਹੈ। ਉਹ ਭਾਜਪਾ ਪਾਰਟੀ ਦੇ ਨੇਤਾ ਟੀ. ਰਾਜਾ ਸਿੰਘ ਦੇ ਭੜਕਾਊ ਬਿਆਨਾਂ ਨੂੰ ਆਪਣੇ ਪਲੇਟਫਾਰਮ ਤੋਂ ਨਹੀਂ ਹਟਾ ਰਹੀ ਹੈ। ਰਿਪੋਰਟ 'ਚ ਕਿਹਾ ਸੀ ਕਿ ਇਸ ਨਾਲ ਭਾਰਤ 'ਚ ਕੰਪਨੀ ਦੇ ਕਾਰੋਬਾਰ 'ਤੇ ਅਸਰ ਪਵੇਗਾ। ਇਸ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਸਮੇਤ ਦੇਸ਼ ਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਭਾਜਪਾ 'ਤੇ ਹਮਲਾ ਬੋਲਿਆ ਸੀ। 

ਹਾਲਾਂਕਿ ਵਿਧਾਇਕ ਰਾਜਾ ਸਿੰਘ ਨੇ ਪਿਛਲੇ ਹੀ ਮਹੀਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੋਈ ਅਧਿਕਾਰਤ ਫੇਸਬੁੱਕ ਪੇਜ਼ ਹੈ ਹੀ ਨਹੀਂ। ਸਿੰਘ ਪੋਸਟ ਨਾਲ ਜੁੜੀਆਂ ਗੱਲਾਂ ਨੂੰ ਵੀ ਖਾਰਜ ਕਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੋਈ ਅਧਿਕਾਰਤ ਫੇਸਬੁੱਕ ਅਕਾਊਂਟ 2018 ਵਿਚ ਹੈੱਕ ਜਾਂ ਬਲਾਕ ਹੋ ਗਿਆ ਸੀ। ਦੱਸਣਯੋਗ ਹੈ ਕਿ ਭਾਰਤ ਫੇਸਬੁੱਕ ਦੇ ਸਭ ਤੋਂ ਵੱਡੇ ਬਜ਼ਾਰਾਂ ਵਿਚੋਂ ਇਕ ਹੈ, ਉਸ ਦੇ ਭਾਰਤ ਵਿਚ 30 ਕਰੋੜ ਯੂਜ਼ਰਸ ਹਨ।
 


Tanu

Content Editor

Related News