ਖਾਦ ਦੀ ਜ਼ਿਆਦਾ ਵਰਤੋਂ ਕਾਰਨ ਘਟੀ ਮਿੱਟੀ ਦੀ ਉਪਜਾਊ ਸ਼ਕਤੀ

06/30/2023 1:25:26 PM

ਨਵੀਂ ਦਿੱਲੀ- ਪੰਜਾਬ ਦੇ ਕਿਸਾਨਾਂ ਲਈ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਕਾਰਨ ਰਾਜ 'ਚ ਮਿੱਟੀ ਦੀ ਉਪਜਾਊ ਸ਼ਕਤੀ ਲਗਾਤਾਰ ਘੱਟ ਰਹੀ ਹੈ। ਪਿਛਲੇ 5 ਸਾਲਾਂ 'ਚ ਪੰਜਾਬ ਦਾ ਝੋਨਾ ਉਤਪਾਦਨ 2017-18 'ਚ 178 ਲੱਖ ਮੀਟ੍ਰਿਕ ਟਨ ਤੋਂ ਘੱਟ ਕੇ 2021-22 'ਚ 149 ਲੱਖ ਮੈਟ੍ਰਿਕ ਟਨ ਹੋ ਗਿਆ ਹੈ। ਇਸ ਦੇ ਅਧੀਨ ਪ੍ਰਤੀ ਏਕੜ ਝੋਨਾ ਉਤਪਾਦਕਤਾ ਵੀ 2017-18 'ਚ 5,077 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਘੱਟ ਕੇ 2021-22 'ਚ 4,216 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਈ ਹੈ।
ਕੇਂਦਰ ਨੇ ਇਹ ਡਾਟਾ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਰਸਾਇਣਕ ਖਾਦਾਂ ਦੇ ਵਧਦੇ ਉਪਯੋਗ ਕਾਰਨ ਝੋਨੇ ਦੇ ਉਤਪਾਦਨ 'ਚ 16 ਫੀਸਦੀ ਅਤੇ ਪ੍ਰਤੀ ਏਕੜ ਝੋਨੇ ਦੇ ਉਤਪਾਦਨ 'ਚ 17 ਫੀਸਦੀ ਦੀ ਗਿਰਾਵਟ ਆਈ ਹੈ। 2017-18 'ਚ 36.06 ਲੱਖ ਮੀਟ੍ਰਿਕ ਟਨ ਤੋਂ, ਪੰਜਾਬ ਦੇ ਕਿਸਾਨਾਂ ਵਲੋਂ ਖਾਦਾਂ ਦੀ ਖਪਤ ਲਗਭਗ 10 ਫੀਸਦੀ 2021-22 'ਚ ਵੱਧ ਕੇ 39.47 ਫੀਸਦੀ ਹੋ ਗਈ।

ਸਰਕਾਰ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਤਪਾਦਨ ਅਤੇ ਉਤਪਾਦਕਤਾ ਪਹਿਲੇ ਹੀ ਸਥਿਰ ਪੱਧਰ 'ਤੇ ਪਹੁੰਚ ਚੁੱਕੀ ਹੈ ਅਤੇ ਖਾਦ ਦੀ ਵਧਦੀ ਖਪਤ ਦਾ ਝੋਨੇ ਦੇ ਉਤਪਾਦਨ ਅਤੇ ਉਤਪਾਦਕਤਾ 'ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਜਾਂ ਨਕਾਰਾਤਮਕ ਪ੍ਰਭਾਵ ਪਿਆ ਹੈ। ਪੰਜਾਬ 'ਚ 'ਰਸਾਇਣਕ ਖਾਦਾਂ' ਦੇ ਪ੍ਰਤੀ ਹੈਕਟੇਅਰ ਖਪਤ ਦੇਸ਼ 'ਚ ਸਭ ਤੋਂ ਵੱਧ ਹੈ। ਰਾਜ 'ਚ 2021-22 ਲਈ ਪੋਸ਼ਕ ਤੱਤਾਂ- ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼- ਖਾਦਾਂ ਦੀ ਖਪਤ 253.94 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ। ਖੇਤੀ ਮਾਹਿਰਾਂ ਦੀ ਰਾਏ ਹੈ ਕਿ ਰਸਾਇਣਕ ਖਾਦਾਂ ਦੇ ਜ਼ਿਆਦਾ ਉਪਯੋਗ ਨਾਲ ਮਿੱਟੀ 'ਚ ਕਾਰਬਨਿਕ ਤੱਤ ਲਗਭਗ 'ਜ਼ੀਰੋ' ਹੋ ਗਿਆ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ,''ਪੰਜਾਬ ਉਨ੍ਹਾਂ ਰਾਜਾਂ 'ਚੋਂ ਇਕ ਹੈ, ਜਿੱਥੇ ਰਸਾਇਣ ਖਾਦਾਂ ਦੇ ਵੱਧ ਉਪਯੋਗ ਦੇ ਬਾਵਜੂਦ ਕਣਕ ਦੇ ਉਤਪਾਦਨ ਅਤੇ ਉਤਪਾਦਕਤਾ 'ਚ ਗਿਰਾਵਟ ਆਈ ਹੈ। ਇਸ ਲਈ ਸਾਨੂੰ ਰਸਾਇਣਕ ਖਾਦਾਂ ਦਾ ਪ੍ਰਯੋਗ ਘੱਟ ਕਰ ਕੇ ਮਿੱਟੀ ਨੂੰ ਬਚਾਉਣਾ ਚਾਹੀਦਾ। ਹੁਣ ਸਮਾਂ ਆ ਗਿਆ ਹੈ ਸਾਨੂੰ ਮਿੱਟੀ ਦੀ ਸਿਹਤ 'ਤੇ ਧਿਆਨ ਦੇਣਾ ਚਾਹੀਦਾ, ਜੋ ਪਿਛਲੇ ਕੁਝ ਸਾਲਾਂ 'ਚ ਖ਼ਰਾਬ ਹੋ ਗਈ ਹੈ।''

DIsha

This news is Content Editor DIsha