ਕਰਨਾਟਕ ਚੋਣਾਂ ਤੋਂ ਪਹਿਲੇ ਲਾਂਚ ਹੋਇਆ EVM ਦਾ ਨਵਾਂ ਮਾਡਲ, ਨਹੀਂ ਹੋ ਸਕੇਗੀ ਛੇੜਛਾੜ

04/26/2018 6:25:48 PM

ਨੈਸ਼ਨਲ ਡੈਸਕ— ਲੋਕਸਭਾ ਅਤੇ ਰਾਜਸਭਾ ਚੋਣਾਂ ਦੌਰਾਨ ਈ.ਵੀ.ਐੱਮ 'ਤੇ ਚੁੱਕੇ ਗਏ ਸਵਾਲਾਂ ਵਿਚਕਾਰ ਚੋਣ ਕਮਿਸ਼ਨ ਹੁਣ ਨਵੀਂ ਈ.ਵੀ.ਐੱਮ ਮਸ਼ੀਨ ਲੈ ਕੇ ਆ ਰਿਹਾ ਹੈ। ਕਮਿਸ਼ਨ ਨੇ ਬੁੱਧਵਾਰ ਨੂੰ ਥਰਡ ਜਨਰੇਸ਼ਨ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਪੇਸ਼ ਕੀਤੀ ਹੈ, ਜਿਸ ਨੂੰ ਮਾਰਕ 3 ਨਾਮ ਦਿੱਤਾ ਗਿਆ ਹੈ। ਮਈ 'ਚ ਹੋਣ ਵਾਲੀਆਂ ਕਰਨਾਟਕ ਵਿਧਾਨਸਭਾ ਚੋਣਾਂ 'ਚ ਇਸ ਈ.ਵੀ.ਐੱਮ ਮਸ਼ੀਨ ਦੀ ਵਰਤੋਂ ਕੀਤੀ ਜਾਵੇਗੀ। ਕਮਿਸ਼ਨ ਦਾ ਦਾਅਵਾ ਹੈ ਕਿ ਇਹ ਨਵੀਂ ਈ.ਵੀ.ਐੱਮ 'ਟੈਂਪਰਿੰਗ ਪਰੂਫ' ਹੈ ਅਤੇ ਇਸ 'ਚ ਕਈ ਗੁਣ ਵੀ ਹਨ। 
ਚੋਣ ਕਮਿਸ਼ਨ ਮੁਤਾਬਕ ਇਸ ਈ.ਵੀ.ਐੱਮ 'ਚ ਇਕ ਚਿਪ ਲੱਗੀ ਹੈ, ਜਿਸ 'ਚ ਇਕ ਹੀ ਵਾਰ ਸਾਫਟਵੇਅਰ ਕੋਡ ਲਿਖਿਆ ਜਾ ਸਕੇਗਾ। ਇੱਥੋਂ ਤੱਕ ਕਿ ਜੇਕਰ ਕੋਈ ਇਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਮਸ਼ੀਨ ਖੁਦ ਹੀ ਬੰਦ ਹੋ ਜਾਵੇਗੀ। ਨਵੀਂ ਈ.ਵੀ.ਐੱਮ ਮਸ਼ੀਨ ਨੂੰ ਇੰਟਰਨੈੱਟ ਜਾਂ ਕਿਸੇ ਵੀ ਨੈੱਟਵਰਕ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ। ਇਸ 'ਚ 24 ਬੈਲੇਟ ਯੂਨਿਟ ਅਤੇ 384 ਉਮੀਦਵਰਾਂ ਦੀ ਜਾਣਕਾਰੀ ਰੱਖੀ ਜਾ ਸਕਦੀ ਹੈ ਜਦਕਿ ਇਸ ਤੋਂ ਪਹਿਲੇ ਵਾਲੇ ਮਾਰਕ 2 'ਚ ਸਿਰਫ 4 ਬੈਲੇਟ ਯੂਨਿਟ ਅਤੇ 64 ਉਮੀਦਵਾਰਾਂ ਦੀ ਜਾਣਕਾਰੀ ਹੀ ਰੱਖੀ ਜਾ ਸਕਦੀ ਸੀ। ਚੋਣ ਕਮਿਸ਼ਨ ਨੇ ਦੱਸਿਆ ਕਿ ਭਾਰਤ ਦੀਆਂ 2 ਕੰਪਨੀਆਂ ਭਾਰਤ ਇਲੈੱਕਟ੍ਰਾਨਿਕਸ ਲਿਮਟਿਡ, ਬੰਗਲੁਰੂ ਅਤੇ ਇਲੈੱਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, ਹੈਦਰਾਬਾਦ 'ਚ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੇ ਸਾਫਟਵੇਅਰ ਵੀ ਇੱਥੇ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ ਮਸ਼ੀਨ ਕੋਡ 'ਚ ਬਦਲਿਆ ਜਾਂਦਾ ਹੈ। 
ਪਿਛਲੇ ਕੁਝ ਸਾਲਾਂ 'ਚ ਭਾਜਪਾ ਨੂੰ ਮਿਲੀ ਜਿੱਤ ਦੇ ਬਾਅਦ ਚੋਣ ਕਮਿਸ਼ਨ ਅਤੇ ਈ.ਵੀ.ਐਮ 'ਤੇ ਕਈ ਸਵਾਲ ਚੁੱਕੇ ਗਏ। ਚੋਣ ਕਮਿਸ਼ਨ ਨੇ ਸਾਰੇ ਦੋਸ਼ਾਂ ਨੂੰ ਖਾਰਜ਼ ਕਰਦੇ ਹੋਏ ਕਿਹਾ ਸੀ ਕਿ ਈ.ਵੀ.ਐਮ ਸੇਫ ਹੈ ਅਤੇ ਕੋਈ ਇਸ ਨੂੰ ਹੈਕ ਨਹੀਂ ਕਰ ਸਕਦਾ। ਇਸ ਦੇ ਲਈ ਹੈਕਾਥਾਨ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਸੀ ਪਰ ਦੋਸ਼ ਲਗਾਉਣ ਵਾਲੀ ਕਿਸੇ ਪਾਰਟੀ ਨੇ ਇਸ 'ਚ ਹਿੱਸਾ ਨਹੀਂ ਲਿਆ ਸੀ। ਹੁਣ ਚੋਣ ਕਮਿਸ਼ਨ ਨੇ ਕਰਨਾਟਕ ਚੋਣਾਂ ਤੋਂ ਪਹਿਲਾਂ ਈ.ਵੀ.ਐੱਮ ਦਾ ਨਵਾਂ ਵਰਜਨ ਲਾਂਚ ਕੀਤਾ ਹੈ। ਇਸ ਮਸ਼ੀਨ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਮੰਨਿਆ ਗਿਆ ਹੈ। ਟ੍ਰਾਇਲ ਦੇ ਤੌਰ 'ਤੇ ਕਰਨਾਟਕ ਚੋਣਾਂ 'ਚ 1800 ਸੈਂਟਰਾਂ 'ਤੇ ਨਵੇਂ ਈ.ਵੀ.ਐਮ ਦੀ ਵਰਤੋਂ ਹੋਵੇਗੀ। 2019 ਆਮ ਚੋਣਾਂ 'ਚ ਹਰ ਸੈਂਟਰ 'ਤੇ ਇਸ ਦੀ ਵਰਤੋਂ ਕਰਨ ਦੀ ਯੋਜਨਾ ਹੈ।