ਦੇਸ਼ ''ਚ ਹਰ 15 ਮਿੰਟ ''ਚ ਇਕ ਬੱਚਾ ਹੋ ਰਿਹੈ ਯੌਨ ਸ਼ੋਸ਼ਣ ਦਾ ਸ਼ਿਕਾਰ : ਰਿਪੋਰਟ

04/20/2018 2:00:43 AM

ਨਵੀਂ ਦਿੱਲੀ— ਬਾਲ ਅਧਿਕਾਰੀਆਂ ਦੇ ਲਈ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨ ਕ੍ਰਾਈ ਦੇ ਇਕ ਅਧਿਐਨ ਮੁਤਾਬਕ ਭਾਰਤ 'ਚ ਹਰ 15 ਮਿੰਟਾਂ 'ਚ ਇਕ ਬੱਚਾ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ ਤੇ ਪਿਛਲੇ 10 ਸਾਲਾਂ 'ਚ ਨਬਾਲਗਾਂ ਦੇ ਖਿਲਾਫ ਅਪਰਾਧ 'ਚ 500 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਵੀਰਵਾਰ ਨੂੰ ਜਾਰੀ ਰਿਪੋਰਟ 'ਚ ਇਹ ਖੁਲਾਸਾ ਕੀਤਾ ਗਿਆ ਕਿ ਬੱਚਿਆਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਦੇ ਮਾਮਲਿਆਂ 'ਚੋਂ 50 ਫੀਸਦੀ ਤੋਂ ਜ਼ਿਆਦਾ ਸਿਰਫ ਪੰਜ ਸੂਬਿਆਂ 'ਚ ਦਰਜ ਕੀਤੇ ਗਏ। ਇਨ੍ਹਾਂ ਸੂਬਿਆਂ 'ਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਤੇ ਪੱਛਮੀ ਬੰਗਾਲ ਸ਼ਾਮਲ ਹਨ।
ਇਸ 'ਚ ਕਿਹਾ ਗਿਆ ਹੈ ਕਿ ਪਿਛਲੇ 10 ਸਾਲਾਂ 'ਚ ਨਾਬਾਲਗਾਂ ਦੇ ਖਿਲਾਫ ਅਪਰਾਧ 'ਚ 500 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ ਤੇ 2016 'ਚ 1,06,958 ਮਾਮਲੇ ਸਾਹਮਣੇ ਆਏ ਜਦਕਿ 2006 'ਚ ਇਹ ਗਿਣਤੀ 18,967 ਸੀ। ਬਾਲ ਯੌਨ ਅਪਰਾਧ ਸੁਰੱਖਿਆ (ਪਾਕਸੋ) ਐਕਟ ਦੇ ਤਹਿਤ ਆਉਣ ਵਾਲੇ ਅਪਰਾਧਾਂ ਦੇ 2016 'ਚ ਹੋਏ ਵਿਸ਼ਲੇਸ਼ਣ ਦੇ ਮੁਤਾਬਕ ਯੌਨ ਅਪਰਾਧ ਦੇਸ਼ 'ਚ ਬੱਚਿਆਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਦਾ ਇਕ ਤਿਹਾਈ ਹਿੱਸਾ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਦੇਖਣਾ ਖਤਰਨਾਕ ਹੈ ਕਿ ਭਾਰਤ 'ਚ ਹਰ 15 ਮਿੰਟ 'ਚ ਇਕ ਬੱਚੇ ਦੇ ਖਿਲਾਫ ਯੌਨ ਅਪਰਾਧ ਹੁੰਦਾ ਹੈ। ਇਹ ਰਿਪੋਰਟ ਅਜਿਹੇ ਵੇਲੇ 'ਚ ਆਈ ਹੈ ਜਦੋਂ ਜੰਮੂ-ਕਸ਼ਮੀਰ ਦੇ ਕਠੂਆ ਤੇ ਉੱਤਰ ਪ੍ਰਦੇਸ਼ ਦੇ ਉਨਾਵ 'ਚ ਨਾਬਾਲਗਾਂ ਦੇ ਨਾਲ ਹਾਲ 'ਚ ਹੋਏ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਦੇਸ਼ 'ਚ ਰੋਸ ਦਾ ਮਾਹੌਲ ਹੈ। ਇਸ 'ਚ ਕਿਹਾ ਗਿਆ ਹੈ ਕਿ ਜਿਥੇ ਬੱਚਿਆਂ ਦੇ ਖਿਲਾਫ ਅਪਰਾਧ ਦੇ ਦਰਜ ਮਾਮਲਿਆਂ 'ਚੋਂ 15 ਫੀਸਦੀ ਮਾਮਲੇ ਉੱਤਰ ਪ੍ਰਦੇਸ਼ ਦੇ ਹਨ, ਇਸ ਤੋਂ ਬਾਅਦ ਮਹਾਰਾਸ਼ਟਰ (14 ਫੀਸਦੀ) ਤੇ ਮੱਧ ਪ੍ਰਦੇਸ਼ (13 ਫੀਸਦੀ) ਆਉਂਦੇ ਹਨ।