ਜੰਮੂ-ਕਸ਼ਮੀਰ : ਉੜੀ ਸੈਕਟਰ 'ਚ ਅੱਤਵਾਦੀ ਹਮਲਾ, ਮੂੰਹ ਤੋੜ ਜਵਾਬ ਦੇ ਰਹੀ ਹੈ ਫੌਜ

09/24/2017 8:17:58 AM

ਜੰਮੂ ਕਸ਼ਮੀਰ— ਇੱਥੋਂ ਦੇ ਬਾਰਾਮੁੱਲਾ ਦੇ ਉੜੀ ਸੈਕਟਰ 'ਚ ਸੁਰੱਖਿਆ ਫੌਜ ਅਤੇ ਅੱਤਵਾਦੀਆਂ ਵਿਚਕਾਰ ਝੜਪ ਜਾਰੀ ਹੈ। ਇਲਾਕੇ 'ਚ 3-4 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ। ਫੌਜ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਆਪਣੇ-ਆਪ ਨੂੰ ਘਿਰਿਆ ਦੇਖ ਅੱਤਵਾਦੀਆਂ ਨੇ ਫੌਜ 'ਤੇ ਗੋਲੀਆਂ ਚਲਾਈਆਂ ਜਿਸ ਦਾ ਫੌਜ ਵੀ ਮੂੰਹ ਤੋੜ ਜਵਾਬ ਦੇ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਭਾਵ 21 ਸਤੰਬਰ ਨੂੰ ਪੁਲਵਾਮਾ ਜ਼ਿਲੇ ਦੇ ਤਰਾਲ 'ਚ ਹੋਏ ਅੱਤਵਾਦੀ ਹਮਲੇ 'ਚ ਜੰਮੂ-ਕਸ਼ਮੀਰ ਦੇ ਇਕ ਮੰਤਰੀ ਨਈਮ ਅਖਤਰ ਵਾਲ-ਵਾਲ ਬਚੇ ਸਨ ਪਰ 3 ਨਾਗਰਿਕਾਂ ਦੀ ਮੌਤ ਹੋ ਗਈ ਸੀ। ਫੌਜ ਸਮੇਤ ਹੋਰ 30 ਲੋਕ ਜ਼ਖਮੀ ਹੋ ਗਏ ਸਨ। ਮਾਰੇ ਗਏ 3 ਨਾਗਰਿਕਾਂ 'ਚ ਇਕ ਔਰਤ ਵੀ ਸੀ ਜਦ ਕਿ ਜ਼ਖਮੀਆਂ 'ਚ 21 ਆਮ ਨਾਗਰਿਕ, 7 ਸੀ.ਆਰ.ਪੀ.ਐੱਫ ਦੇ ਜਵਾਨ ਅਤੇ ਦੋ ਸਥਾਨਕ ਪੁਲਸ ਕਰਮਚਾਰੀ ਸਨ। ਅੱਤਵਾਦੀਆਂ ਨੇ ਪੁਲਵਾਮਾ ਜ਼ਿਲੇ 'ਚ ਤਰਾਲ ਕਸਬੇ ਦੇ ਮੁੱਖ ਬੱਸ ਸਟੈਂਡ ਕੋਲ ਗ੍ਰੇਨੇਡ ਹਮਲਾ ਕੀਤਾ ਸੀ ਜਦ ਕਿ 20 ਸਤੰਬਰ ਨੂੰ ਰਾਮਬਨ ਜ਼ਿਲੇ ਦੇ ਬਨਿਹਾਲ 'ਚ ਹਥਿਆਰਬੰਦ ਸਰਹੱਦੀ ਫੌਜ ਦੇ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ 1 ਕਾਂਸਟੇਬਲ ਦੀ ਮੌਤ ਹੋ ਗਈ ਸੀ ਅਤੇ ਇਕ ਜ਼ਖਮੀ ਹੋ ਗਿਆ ਸੀ।ਇਸ ਮਹੀਨੇ ਅੱਤਵਾਦੀਆਂ ਦੀ ਕਈ ਵਾਰ ਫੌਜ ਨਾਲ ਝੜਪ ਹੋ ਚੁੱਕੀ ਹੈ।