ਗੁਜਰਾਤ ਵਿਧਾਨ ਸਭਾ ਚੋਣਾਂ - ਅੱਜ ਅਲਾਟ ਹੋਣਗੇ ਚੋਣ ਨਿਸ਼ਾਨ

Thursday, Oct 26, 2017 - 09:34 AM (IST)

ਗੁਜਰਾਤ — ਸੂਬੇ ਦੇ ਸਭ 68 ਵਿਧਾਨ ਸਭਾ ਹਲਕਿਆਂ ਵਿਚ ਕਿੰਨੇ ਉਮੀਦਵਾਰ ਚੋਣ ਮੈਦਾਨ ਵਿਚ ਰਹਿੰਦੇ ਹਨ, ਇਹ ਤਸਵੀਰ ਵੀਰਵਾਰ ਨੂੰ ਸਪੱਸ਼ਟ ਹੋ ਜਾਵੇਗੀ। ਇੱਛੁਕ ਉਮੀਦਵਾਰ ਦੁਪਹਿਰ 3 ਵਜੇ ਤਕ ਆਪਣੇ ਨਾਂ ਵਾਪਸ ਲੈ ਸਕਣਗੇ। ਨਾਮਜ਼ਦਗੀ ਵਾਪਸੀ ਪਿੱਛੋਂ ਸਬੰਧਤ ਖੇਤਰ ਦੇ ਰਿਟਰਨਿੰਗ ਅਫਸਰ ਸਭ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨਗੇ। ਚੋਣ ਨਿਸ਼ਾਨ ਲਈ ਵਿਸ਼ੇਸ਼ ਕਰ ਕੇ ਆਜ਼ਾਦ ਉਮੀਦਵਾਰਾਂ ਨੂੰ ਖੇਤਰ ਦੇ ਰਿਟਰਨਿੰਗ ਅਫਸਰ ਕੋਲ ਅਰਜ਼ੀ ਦੇਣੀ ਹੋਵੇਗੀ। ਕਾਂਗਰਸ ਦੇ ਸਭ ਅਧਿਕਾਰਤ ਉਮੀਦਵਾਰਾਂ ਨੂੰ ਹੱਥ ਅਤੇ ਭਾਜਪਾ ਦੇ ਅਧਿਕਾਰਤ ਉਮੀਦਵਾਰਾਂ ਕਮਲ ਦੇ ਫੁੱਲ ਦਾ ਨਿਸ਼ਾਨ ਅਲਾਟ ਕੀਤਾ ਜਾਵੇਗਾ। ਸੀ. ਪੀ. ਆਈ. (ਐੱਮ.) ਦੇ ਉਮੀਦਵਾਰਾਂ ਨੂੰ ਦਾਤੀ ਤੇ ਹਥੌੜਾ, ਐੱਨ. ਪੀ. ਸੀ. ਦੇ ਉਮੀਦਵਾਰਾਂ ਨੂੰ ਘੜੀ, ਆਮ ਆਦਮੀ ਪਾਰਟੀ ਅਤੇ ਹਿਲੋਪਾ ਸਮੇਤ ਹੋਰਨਾਂ ਰਜਿਸਟਰਡ ਗੈਰ ਅਧਿਕਾਰਤ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਚੋਣ ਕਮਿਸ਼ਨ ਵਲੋਂ ਪਹਿਲਾਂ ਤੋਂ ਨਿਰਧਾਰਿਤ ਚੋਣ ਨਿਸ਼ਾਨ ਦਿੱਤੇ ਜਾਣਗੇ। ਆਜ਼ਾਦ ਉਮੀਦਵਾਰਾਂ ਲਈ ਚੋਣ ਕਮਿਸ਼ਨ ਨੇ 164 ਨਿਸ਼ਾਨ ਤੈਅ ਕੀਤੇ ਹਨ। ਇਨ੍ਹਾਂ ਵਿਚੋਂ ਆਜ਼ਾਦ ਉਮੀਦਵਾਰਾਂ ਨੂੰ ਇਕ ਅਰਜ਼ੀ ਦੇਣੀ ਹੋਵੇਗੀ। ਜੇ ਕਿਸੇ ਨਿਸ਼ਾਨ ਲਈ ਦੋ ਜਾਂ ਉਸ ਤੋਂ ਵੱਧ ਉਮੀਦਵਾਰ ਅਰਜ਼ੀ ਦਿੰਦੇ ਹਨ ਤਾਂ ਉਸ ਹਾਲਤ ਵਿਚ ਪਹਿਲਾਂ ਅਰਜ਼ੀ ਦੇਣ ਵਾਲੇ ਉਮੀਦਵਾਰ ਨੂੰ ਹੀ ਸਬੰਧਤ ਚੋਣ ਨਿਸ਼ਾਨ ਦਿੱਤਾ ਜਾਵੇਗਾ।


Related News