ਇਲੈਕਸ਼ਨ ਡਾਇਰੀ : ਜਦੋਂ ਦੇਵੀ ਲਾਲ ਨੇ ਗਵਰਨਰ ਨੂੰ ਜੜ ਦਿੱਤਾ ਸੀ ਥੱਪੜ

05/16/2019 12:50:33 PM

ਨਵੀਂ ਦਿੱਲੀ/ਹਰਿਆਣਾ— ਦੇਸ਼ 'ਚ ਸਰਕਾਰਾਂ ਬਣਾਉਣ ਨੂੰ ਲੈ ਕੇ ਸਿਆਸੀ ਭੰਨ-ਤੋੜ ਦੇ ਕਈ ਕਿੱਸਿਆਂ ਨਾਲ ਇਤਿਹਾਸ ਭਰਿਆ ਪਿਆ ਹੈ ਪਰ ਸਰਕਾਰ ਬਣਾਉਣ ਨੂੰ ਲੈ ਕੇ ਦੇਸ਼ ਵਿਚ ਇਕ ਅਜਿਹਾ ਕਿੱਸਾ ਵੀ ਹੋਇਆ, ਜਦੋਂ ਦੇਸ਼ ਦੇ ਲੋਕਤੰਤਰ ਨੂੰ ਸ਼ਰਮਿੰਦਾ ਹੋਣਾ ਪਿਆ ਸੀ। ਇਹ ਮਾਮਲਾ ਹਰਿਆਣਾ ਦੇ ਗਵਰਨਰ ਜੀ. ਡੀ. ਤਾਪਸੇ ਨੂੰ ਦੇਵੀ ਲਾਲ ਵਲੋਂ ਥੱਪੜ ਮਾਰੇ ਜਾਣ ਦਾ ਹੈ। ਇਹ ਘਟਨਾ 1982 ਦੀ ਹੈ। ਉਸ ਸਮੇਂ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। 90 ਸੀਟਾਂ ਵਾਲੀ ਵਿਧਾਨ ਸਭਾ 'ਚ ਕਾਂਗਰਸ ਨੂੰ 35, ਲੋਕ ਦਲ ਨੂੰ 31 ਅਤੇ ਭਾਜਪਾ ਨੂੰ 6 ਸੀਟਾਂ ਮਿਲੀਆਂ ਸਨ। 

ਲਿਹਾਜ਼ਾ ਦੋਵੇਂ ਧਿਰਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਪਰ ਹਰਿਆਣਾ ਦੇ ਉਸ ਸਮੇਂ ਦੇ ਗਵਰਨਰ ਜੀ. ਡੀ. ਤਾਪਸੇ ਨੇ ਕਾਂਗਰਸੀ ਨੇਤਾ ਚੌਧਰੀ ਭਜਨ ਲਾਲ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਾ ਦਿੱਤੀ। ਜਦੋਂ ਚੌਧਰੀ ਦੇਵੀ ਲਾਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵਿਧਾਇਕਾਂ ਨੂੰ ਲੈ ਕੇ ਰਾਜ ਭਵਨ ਪਹੁੰਚੇ, ਉਨ੍ਹਾਂ ਨੇ ਰਾਜ ਭਵਨ ਵਿਚ ਆਪਣੇ ਸਮਰਥਕ ਵਿਧਾਇਕਾਂ ਦੀ ਪਰੇਡ ਕਰਵਾ ਕੇ ਇਕ ਤਰ੍ਹਾਂ ਨਾਲ ਆਪਣੇ ਨਾਲ ਬਹੁਮਤ ਹੋਣ ਦੀ ਗੱਲ ਨੂੰ ਸਾਬਤ ਕਰ ਕੇ ਦਿਖਾਇਆ ਪਰ ਤਾਪਸੇ ਨੇ ਉਨ੍ਹਾਂ ਦੀ ਇਕ ਨਾ ਸੁਣੀ। 

ਰਾਜਪਾਲ ਦੇ ਰਵੱਈਏ ਅਤੇ ਲੋਕਤੰਤਰੀ ਮਰਿਆਦਾ ਦੇ ਚੀਰਹਰਣ ਨੂੰ ਲੈ ਕੇ ਵਿਧਾਇਕ ਅਤੇ ਦੇਵੀ ਲਾਲ ਗੁੱਸੇ 'ਚ ਆ ਗਏ, ਦੇਵੀ ਲਾਲ ਦੇ ਨਾਲ ਭਾਜਪਾ ਨੇਤਾ ਡਾ. ਮੰਗਲਸੇਨ ਵੀ ਸਨ। ਉਹ ਸਾਰੇ ਮੰਗ ਕਰ ਰਹੇ ਸਨ ਕਿ ਭਜਨ ਲਾਲ ਅਤੇ ਉਨ੍ਹਾਂ ਦੀ ਕੈਬਨਿਟ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਲੋਕ ਦਲ ਦੀ ਸਰਕਾਰ ਬਣਾਈ ਜਾਵੇ। ਦੇਵੀ ਲਾਲ ਅਤੇ ਗਵਰਨਰ ਤਾਪਸੇ ਵਿਚਕਾਰ ਕਾਫੀ ਤਿੱਖੀ ਬਹਿਸ ਹੋਈ। ਦੇਵੀ ਲਾਲ ਨੇ ਤਾਪਸੇ ਦੀ ਠੋਡੀ ਫੜ ਕੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆ, ਤਾਪਸੇ ਨੇ ਉਨ੍ਹਾਂ ਦੇ ਹੱਥ ਨੂੰ ਝਟਕਿਆ ਤਾਂ ਦੇਵੀ ਲਾਲ ਨੇ ਤਾਪਸੇ ਨੂੰ ਇਕ ਜ਼ੋਰਦਾਰ ਥੱਪੜ ਜੜ ਦਿੱਤਾ। ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦਿੱਤੀ ਸੀ ਅਤੇ ਪੂਰੇ ਦੇਸ਼ ਦੀ ਸਿਆਸਤ ਵਿਚ ਭੂਚਾਲ ਆ ਗਿਆ ਸੀ।

Tanu

This news is Content Editor Tanu