ਭਾਜਪਾ ਸ਼ਾਸਿਤ ਸੂਬਿਆਂ ’ਚ ਕਿਉਂ ਨਹੀਂ ਚੱਲਿਆ ਟੀਮ ਮੋਦੀ ਦਾ ਜਾਦੂ

12/12/2018 9:24:54 AM

ਨਵੀਂ ਦਿੱਲੀ, (ਬਿਊਰੋ)— ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਸ਼ਾਸਨ ਵਾਲੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਪਾਰਟੀ ਨੂੰ ਕਰਾਰਾ ਝਟਕਾ ਲੱਗਾ ਹੈ। 2019 ਦੀਆਂ ਲੋਕ ਸਭਾ ਚੋਣਾਂ ਦੇ ਇਸ ਸੈਮੀਫਾਈਨਲ ਵਿਚ ਭਾਜਪਾ ਦਾ ਪ੍ਰਦਰਸ਼ਨ ਉਸਦੀ ‘ਕਾਂਗਰਸ ਮੁਕਤ ਭਾਰਤ’ ਮੁਹਿੰਮ ਦੇ ਰਾਹ ਵਿਚ ਰੋੜਾ ਸਾਬਿਤ ਹੋਇਆ ਹੈ। ਟੀਮ ਮੋਦੀ ਨੇ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਇੰਨਾ ਬੁਲੰਦ ਕੀਤਾ ਕਿ 3 ਸੂਬਿਆਂ ਦੀ ਜਨਤਾ ਨੇ ਉਸਨੂੰ ‘ਕਾਂਗਰਸ ਮੁਖੀ ਭਾਰਤ’ ਵੱਲ ਮੋੜ ਦਿੱਤਾ।  ਇਹ ਚੋਣਾਂ ਇਸ ਲਈ  ਵੀ ਮਹੱਤਵਪੂਰਨ ਸਨ ਕਿਉਂਕਿ ਇਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ  ਤੋਂ ਪਹਿਲਾਂ ਭਾਜਪਾ ਤੇ ਕਾਂਗਰਸ ਲਈ ਜ਼ਮੀਨੀ ਹਕੀਕਤ ਦੱਸਣ ਵਾਲੀਆਂ ਕਿਹਾ ਜਾ ਰਿਹਾ ਸੀ। ਮਿਜ਼ੋਰਮ ਵਿਚ ਐੱਮ. ਐੱਨ. ਐੱਫ. ਨੇ ਜਿੱਤ ਦਰਜ ਕੀਤੀ ਹੈ, ਜਦਕਿ ਤੇਲੰਗਾਨਾ ਵਿਚ ਕਾਂਗਰਸ ਨੂੰ ਉਮੀਦ ਦੇ ਅਨੁਸਾਰ ਸਫਲਤਾ ਨਹੀਂ ਮਿਲੀ। 
ਆਓ ਜਾਣਦੇ ਹਾਂ ਕਿ ਰਾਜਸਥਾਨ, ਛੱਤੀਸਗਡ਼੍ਹ ਅਤੇ ਮੱਧ ਪ੍ਰਦੇਸ਼ ’ਚ ਭਾਜਪਾ ਨੂੰ ਹਾਰ ਕਿਉਂ ਮਿਲੀ?
 

ਰਾਜਸਥਾਨ

ਕਿਉਂ ਜਿੱਤੀ ਕਾਂਗਰਸ—
* ਰਾਹੁਲ ਗਾਂਧੀ ਦਾ ਧੂੰਆਂਧਾਰ ਪ੍ਰਚਾਰ।
* ਗਹਿਲੋਤ ਅਤੇ ਸਚਿਨ ਪਾਇਲਟ ਦੇ  ਗਰੁੱਪ ਨੇ ਮਿਲ ਕੇ ਕੀਤਾ ਕੰਮ।
* ਉਮੀਦਵਾਰਾਂ ਦੀ ਚੋਣ ਵਿਚ ਚੌਕਸੀ ਵਰਤੀ।
ਕਿਉਂ ਹਾਰੀ ਭਾਜਪਾ—

  •   85 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ, ਜਿਨ੍ਹਾਂ ਵਿਚੋਂ ਕਈ ਬਾਗੀ ਬਣ ਕੇ ਮੁਸੀਬਤ ਬਣੇ।
  •   ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਅਕਸ ਲੋਕਾਂ ਦੇ ਨਾਲ ਸੰਪਰਕ ਨਾ ਰੱਖਣ ਵਾਲੀ ਨੇਤਾ ਵਜੋਂ ਰਿਹਾ, ਜਿਸ  ਦਾ ਨੁਕਸਾਨ ਹੋਇਆ। 
  •   ਜੀ. ਐੱਸ. ਟੀ. ਅਤੇ ਨੋਟਬੰਦੀ ਕਾਰਨ ਆਮ ਲੋਕ ਅਤੇ ਵਪਾਰੀ ਨਾਰਾਜ਼ ਹੋਏ।


 

ਛੱਤੀਸਗੜ੍ਹ—
ਕਿਉਂ ਜਿੱਤੀ ਕਾਂਗਰਸ—
*     ਭਾਜਪਾ ਦੇ 15 ਸਾਲ ਦੇ ਸੱਤਾ ਵਿਰੋਧੀ  ਮਾਹੌਲ ਨੂੰ ਕੈਸ਼ ਕੀਤਾ।
*     ਆਦੀਵਾਸੀ ਵੋਟਾਂ ਦਾ ਸਮੀਕਰਨ ਵੇਖ ਕੇ ਉਮੀਦਵਾਰ ਤੈਅ ਕੀਤੇ।
*     ਅਜੀਤ ਜੋਗੀ ਦੀ ਪਤਨੀ ਦੀ ਟਿਕਟ ਕੱਟ ਕੇ ਇਹ ਸੰਦੇਸ਼ ਦਿੱਤਾ ਕਿ ਜੋਗੀ ਕਾਂਗਰਸ ਨਾਲ ਨਹੀਂ ਹਨ।  ਜੋਗੀ ਦਾ ਵੋਟ ਬੈਂਕ ਕਾਂਗਰਸ ਨੂੰ ਮਿਲ ਗਿਆ।
ਕਿਉਂ ਹਾਰੀ ਭਾਜਪਾ—

  •      ਅਜੀਤ ਜੋਗੀ ਅਤੇ ਮਾਇਆਵਤੀ ਦਾ ਗਠਜੋੜ ਬਣਵਾਉਣ ਦਾ ਦਾਅ ਪੁੱਠਾ ਪਿਆ।
  •      ਚੋਣਾਂ ਦੌਰਾਨ ਮੋਦੀ ਨੇ ਵਧੇਰੇ ਰੈਲੀਆਂ ਨਹੀਂ ਕੀਤੀਆਂ, ਜਿਸ ਦਾ ਨੁਕਸਾਨ ਹੋਇਆ।
  •      ਛੱਤੀਸਗੜ੍ਹ ਦੇ ਗਠਨ ਦੇ ਨਾਲ ਹੀ ਲੋਕ ਭਾਜਪਾ ਤੋਂ ਬਾਅਦ ਹੁਣ ਨਵਾਂ ਬਦਲ ਵੀ ਚਾਹੁੰਦੇ ਸਨ।



 

ਮੱਧ ਪ੍ਰਦੇਸ਼— 
ਕਾਂਗਰਸ ਨੂੰ ਕਿਉਂ ਮਿਲੀ ਲੀਡ—
*     ਰਾਹੁਲ ਗਾਂਧੀ ਨੇ ਕਮਲਨਾਥ ਅਤੇ ਜਿਓਤਿਰਦਿੱਤਿਆ ਸਿੰਧੀਆ ਗਰੁੱਪ ਵਿਚ ਤਾਲਮੇਲ ਪੈਦਾ ਕੀਤਾ, ਦਿਗਵਿਜੇ ਨੂੰ ਪ੍ਰਚਾਰ ਤੋਂ ਦੂਰ ਰੱਖਿਆ।
*     ਰਾਹੁਲ ਨੇ ਹਿੰਦੂ ਬਹੁ-ਗਿਣਤੀ ਵਾਲੇ ਸੂਬੇ ਵਿਚ ਖੁਦ ਨੂੰ ਹਿੰਦੂ ਵਜੋਂ ਪੇਸ਼ ਕੀਤਾ।    
*     ਉਮੀਦਵਾਰਾਂ ਦੀ ਚੋਣ ਵਿਚ ਸਭ ਧੜਿਆਂ ਨੂੰ ਪ੍ਰਤੀਨਿਧਤਾ ਮਿਲੀ।
ਕਿਉਂ ਪਛੜੀ ਭਾਜਪਾ—

  •     ਭਾਜਪਾ ਨੇ ਚੋਣਾਂ ਦਾ   ਸਾਰਾ ਦਾਰੋਮਦਾਰ ਮੁੱਖ ਮੰਤਰੀ ਦੇ ਚਿਹਰੇ ’ਤੇ ਰੱਖਿਆ।
  •     ਵਿਆਪਮ ਘਪਲੇ ਵਿਚ ਹੋਈ ਬਦਨਾਮੀ ਕਾਰਨ ਭਾਜਪਾ ਨੂੰ ਨੁਕਸਾਨ ਪੁੱਜਾ।
  •     ਸੱਤਾ ਵਿਰੋਧੀ ਲਹਿਰ ਕਾਰਨ ਕੇਂਦਰੀ ਮੰਤਰੀ ਆਪਣੇ ਹਲਕਿਆਂ ਵਿਚ ਵੀ ਪਾਰਟੀ ਨੂੰ ਜਿੱਤ ਨਹੀਂ ਦੁਆ ਸਕੇ।