ਦਾਊਦ ਇਬਰਾਹਿਮ ਨਾਲ ਜੁੜੇ ਕਈ ਕੰਪਲੈਕਸਾਂ ''ਤੇ ਈ.ਡੀ. ਨੇ ਕੀਤੀ ਛਾਪੇਮਾਰੀ

02/15/2022 3:53:02 PM

ਮੁੰਬਈ (ਵਾਰਤਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਮੁੰਬਈ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਨਾਲ ਜੁੜੇ ਕਈ ਕੰਪਲੈਕਸਾਂ 'ਤੇ ਮਨੀ ਲਾਂਡਰਿੰਗ ਨਾਲ ਸੰਬੰਧਤ ਮਾਮਲੇ 'ਚ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਇੱਥੇ ਦੱਸਿਆ ਕਿ ਏਜੰਸੀ ਨੇ ਮੰਗਲਵਾਰ ਸਵੇਰੇ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਕੰਪਲੈਕਸਾਂ 'ਤੇ ਛਾਪੇ ਮਾਰੇ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ। ਸੂਤਰਾਂ ਅਨੁਸਾਰ ਏਜੰਸੀ ਨੇ ਮਹਾਰਾਸ਼ਟਰ ਦੇ ਕੁਝ ਰਾਜਨੇਤਾਵਾਂ ਦੀਆਂ ਗਤੀਵਿਧੀਆਂ 'ਤੇ ਵੀ ਸਖ਼ਤ ਨਜ਼ਰ ਰੱਖੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਉਸ ਰਾਜਨੇਤਾ ਦਾ ਅੰਡਰਵਰਲਡ ਨਾਲ ਕੋਈ ਸੰਬੰਧ ਹੈ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ 10 ਥਾਂਵਾਂ 'ਤੇ ਛਾਪੇਮਾਰੀ ਦੀ ਕਾਰਵਾਈ ਚੱਲ ਰਹੀ ਹੈ। ਇਹ ਦਾਊਦ ਇਬਰਾਹਿਮ ਅਤੇ ਉਸ ਦੇ ਸਹਿਯੋਗੀਆਂ ਨਾਲ ਜੁੜੇ ਪਿਛਲੇ ਮਨੀ ਲਾਂਡਰਿੰਗ ਮਾਮਲੇ ਨਾਲ ਸੰਬੰਧਤ ਹਨ।

ਇਹ ਵੀ ਪੜ੍ਹੋ : 14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ

ਇਹ ਜਾਇਦਾਦ ਦਾ ਸੌਦਾ ਜਾਂਚ ਦੇ ਦਾਇਰੇ 'ਚ ਹੈ, ਜਿਸ 'ਚ ਮਹਾਰਾਸ਼ਟਰ ਦੇ ਇਕ ਸੀਨੀਅਰ ਰਾਜਨੇਤਾ ਵੀ ਹੋਰ ਲੋਕਾਂ ਨਾਲ ਸ਼ਾਮਲ ਹਨ। ਈ.ਡੀ. ਰਾਜਨੇਤਾਵਾਂ ਅਤੇ ਦਾਊਦ ਦੇ ਸਹਿਯੋਗੀਆਂ ਦੇ ਪੈਸੇ ਦੇ ਲੈਣ-ਦੇਣ ਦੀ ਵੀ ਜਾਂਚ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ। ਦਾਊਦ ਹਾਲੇ ਵੀ ਆਪਣੇ ਵਿਚੌਲਿਆਂ ਰਾਹੀਂ ਜਾਇਦਾਦ ਕਾਰੋਬਾਰ ਨੂੰ ਕੰਟਰੋਲ ਕਰ ਰਿਹਾ ਹੈ। ਹਵਾਲਾ ਨੈੱਟਵਰਕ ਰਾਹੀਂ ਉਸ ਨੂੰ ਅਤੇ ਉਸ ਦੇ ਸਹਿਯੋਗੀਆਂ ਨੂੰ ਪੈਸਾ ਭੇਜਿਆ ਜਾਂਦਾ ਹੈ। ਇਸ ਪੈਸੇ ਦਾ ਇਸਤੇਮਾਲ ਕਥਿਤ ਤੌਰ 'ਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਵਲੋਂ ਪੂਰੇ ਭਾਰਤ 'ਚ ਰਾਸ਼ਟਰ ਵਿਰੋਧੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਫੈਲਾਉਣ ਲਈ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦਾਊਦ ਨੂੰ ਆਪਣਾ ਗਲਤ ਵਪਾਰ ਚਲਾਉਣ ਅਤੇ ਇਸ ਤੋਂ ਕਮਾਏ ਗਏ ਪੈਸੇ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਮਦਦ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha