ਨੌਕਰੀ ਦੇ ਬਦਲੇ ਜ਼ਮੀਨੀ ਘਪਲਾ : ED ਨੇ ਲਾਲੂ ਪਰਿਵਾਰ ਤੇ ਰਾਜਦ ਆਗੂਆਂ ਦੇ ਟਿਕਾਣਿਆਂ ’ਤੇ ਮਾਰੇ ਛਾਪੇ

03/10/2023 5:52:36 PM

ਨਵੀਂ ਦਿੱਲੀ/ਪਟਨਾ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ‘ਜ਼ਮੀਨ ਦੇ ਬਦਲੇ ਨੌਕਰੀ’ ਮਾਮਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ’ਚ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਅਤੇ ਕਈ ਹੋਰ ਥਾਵਾਂ ’ਤੇ ਸ਼ੁੱਕਰਵਾਰ ਛਾਪੇ ਮਾਰੇ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀਆਂ ਤਿੰਨ ਧੀਆਂ ਰਾਗਿਨੀ, ਚੰਦਾ ਤੇ ਹੇਮਾ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਵਿਧਾਇਕ ਅਬੂ ਦੋਜਾਨਾ ਨਾਲ ਜੁੜੇ ਪਟਨਾ, ਫੁਲਵਾਰੀ ਸ਼ਰੀਫ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ), ਰਾਂਚੀ ਅਤੇ ਮੁੰਬਈ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ 2004 ਤੋਂ 2009 ਦਰਮਿਆਨ ਰੇਲ ਮੰਤਰੀ ਹੋਣ ’ਤੇ ਜ਼ਮੀਨ ਤੋਹਫ਼ੇ ਵਜੋਂ ਦੇਣ ਜਾਂ ਵੇਚੇ ਜਾਣ ਦੇ ਬਦਲੇ ਕਥਿਤ ਤੌਰ ’ਤੇ ਰੇਲਵੇ ਦੀਆਂ ਨੌਕਰੀਆਂ ਦੇਣ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮਾਮਲੇ 'ਚ ਅਪਰਾਧਕ ਯੋਜਨਾ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਪ੍ਰਬੰਧਾਂ ਅਧੀਨ ਲਾਲੂ ਪ੍ਰਸਾਦ, ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ 14 ਹੋਰ ਖ਼ਿਲਾਫ਼ ਇਕ ਦੋਸ਼ ਪੱਤਰ ਦਾਖ਼ਲ ਕੀਤਾ ਹੈ ਅਤੇ ਸਾਰੇ ਦੋਸ਼ੀਆਂ ਨੂੰ 15 ਮਾਰਚ ਨੂੰ ਤਲਬ ਕੀਤਾ ਗਿਆ ਹੈ। ਈ.ਡੀ. ਦਾ ਮਾਮਲਾ ਸੀ.ਬੀ.ਆਈ. ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਅਪਰਾਧਕ ਧਾਰਾਵਾਂ ਦੇ ਅਧੀਨ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਸੀ.ਬੀ.ਆਈ. ਨੇ ਹਾਲ ਹੀ 'ਚ ਰਾਜਦ ਦੇ ਨੇਤਾ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਤੋਂ ਪੁੱਛ-ਗਿੱਛ ਕੀਤੀ ਸੀ।

DIsha

This news is Content Editor DIsha