ਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਲੋਨ ਦੇ ਫਰਜ਼ੀਵਾੜੇ ਕਾਰਣ ਚੰਦਾ ਕੋਚਰ ਦੀਆਂ ਮੁਸ਼ਕਲਾਂ ਵਧਣੀਆਂ ਤੈਅ

09/08/2020 1:58:59 AM

ਨਵੀਂ ਦਿੱਲੀ (ਵਿਸ਼ੇਸ਼) - ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਆਈ.ਸੀ.ਆਈ.ਸੀ.ਆਈ. ਦੀ ਸਾਬਕਾ ਐੱਮ.ਡੀ. ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੁਣ ਚੰਦਾ ਕੋਚਰ ਦੀਆਂ ਮੁਸ਼ਕਲਾਂ ਵੀ ਵਧਣੀਆਂ ਤੈਅ ਹਨ। ਚੰਦਾ ਕੋਚਰ ਵੀ ਇਸ ਮਾਮਲੇ ਵਿਚ ਦੋਸ਼ੀ ਹੈ ਅਤੇ ਸੀ.ਬੀ.ਆਈ. ਅਤੇ ਈ.ਡੀ. ਇਸ ਜੋੜੇ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਦੀਪਕ ਕੋਚਰ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਚੰਦਾ ਕੋਚਰ 'ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗੀ ਹੈ। ਮਨੀ ਲਾਂਡਰਿੰਗ ਦੇ ਜਿਸ ਮਾਮਲੇ ਵਿਚ ਦੀਪਕ ਕੋਚਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਵਿਚ ਘੱਟੋ-ਘੱਟ 3 ਸਾਲ ਅਤੇ ਜ਼ਿਆਦਾਤਰ 10 ਸਾਲ ਦੀ ਸਜ਼ਾ ਦੀ ਵਿਵਸਥਾ ਹੈ।

ਚੰਦਾ ਦੇ ਐੱਮ.ਡੀ. ਰਹਿੰਦਿਆਂ ਦਿੱਤੇ ਗਏ ਲੋਨ
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਚੰਦਾ ਕੋਚਰ ਨੇ ਬੈਂਕ ਦੀ ਐੱਮ.ਡੀ. ਰਹਿੰਦਿਆਂ ਵੀਡੀਓਕਾਨ ਨੂੰ ਜੂਨ 2009 ਤੋਂ ਅਕਤੂਬਰ 2011 ਦੇ ਮੱਧ 1875 ਕਰੋੜ ਰੁਪਏ ਦੇ 6 ਲੋਨ ਪਾਸ ਕੀਤੇ। ਬੈਂਕ ਦੇ ਜਿਸ ਬੋਰਡ ਨੇ ਲੋਨ ਪਾਸ ਕੀਤੇ ਉਸ ਦੀਆਂ ਕਈ ਮੀਟਿੰਗਾਂ ਵਿਚ ਚੰਦਾ ਕੋਚਰ ਖੁਦ ਵੀ ਸ਼ਾਮਲ ਸੀ। ਇਹ ਸਾਰੇ ਲੋਨ 2017 ਵਿਚ ਨਾਨ ਪਰਫਾਰਮਿੰਗ ਅਸੈਟਸ ਯਾਨੀ ਐੱਨ.ਪੀ.ਏ. ਕਰਾਰ ਦੇ ਦਿੱਤੇ ਗਏ ਸਨ। ਸੀ.ਬੀ.ਆਈ. ਵਲੋਂ ਐੱਫ.ਆਈ. ਆਰ. ਮੁਤਾਬਕ ਇਸ ਮਾਮਲੇ ਵਿਚ ਬੈਂਕ ਨੂੰ 1830 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

ਕਿੰਝ ਹੋਇਆ ਸਾਰਾ ਖੇਡ
ਜੁਲਾਈ 2008- ਚੰਦਾ ਕੋਚਰ ਦੇ ਬੈਂਕ ਦੀ ਐੱਮ.ਡੀ. ਬਣਨ ਤੋਂ ਪਹਿਲਾਂ ਸੁਪਰੀਮ ਐਨਰਜੀ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਵਿਚ ਵੀ.ਐੱਨ. ਧੂਤ ਅਤੇ ਵਸੰਤ ਕਾਕੜੇ ਨੂੰ ਡਾਇਰੈਕਟਰ ਬਣਾਇਆ ਗਿਆ।
ਦਸੰਬਰ 2008- ਨੂੰ ਪਾਵਰ ਰਿਨਊਬਲ ਐਨਰਜੀ ਨਾਂ ਦੀ ਕੰਪਨੀ ਬਣਾਈ ਗਈ। ਇਸ ਕੰਪਨੀ ਵਿਚ ਵੀ.ਐੱਨ. ਧੂਤ ਉਸ ਦਾ ਭਰਾ ਸੌਰਭ ਧੂਤ ਅਤੇ ਦੀਪਕ ਕੋਚਰ ਡਾਇਰੈਕਟਰ ਬਣੇ।
ਜਨਵਰੀ 2009- ਵੀ.ਐੱਨ. ਧੂਤ ਨੇ ਸੁਪਰੀਮ ਐਨਰਜੀ ਤੋਂ ਅਸਤੀਫਾ ਦੇ ਕੇ ਇਸ ਦਾ ਸਾਰਾ ਕੰਟਰੋਲ ਦੀਪਕ ਕੋਚਰ ਨੂੰ ਦੇ ਦਿੱਤਾ, ਇਸ ਦੌਰਾਨ ਧੂਤ ਭਰਾਵਾਂ ਨੇ ਨੂ ਪਾਵਰ ਦਾ ਕੰਟਰੋਲ ਵੀ ਦੀਪਕ ਕੋਚਰ ਨੂੰ ਦੇ ਦਿੱਤਾ।
ਮਈ 2009- ਚੰਦਾ ਕੋਚਰ ਆਈ.ਸੀ.ਆਈ.ਸੀ.ਆਈ. ਬੈਂਕ ਦੀ ਐੱਮ.ਡੀ. ਅਤੇ ਸੀ.ਈ.ਓ. ਬਣੀ।
ਜੂਨ 2009- ਨੂੰ ਪਾਵਰ ਵਿਚ ਧੂਤ ਅਤੇ ਦੀਪਕ ਕੋਚਰ ਦੀ ਹਿੱਸੇਦਾਰੀ ਵਾਲੇ ਸ਼ੇਅਰ ਸੁਪਰੀਮ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਟਰਾਂਸਫਰ ਕੀਤੇ ਗਏ।
ਜੂਨ 2009- ਤੋਂ ਅਕਤੂਬਰ 2011- ਆਈ.ਸੀ.ਆਈ.ਸੀ.ਆਈ. ਬੈਂਕ ਨੇ ਵੀਡੀਓਕਾਨ ਦੀਆਂ ਕੰਪਨੀਆਂ ਨੂੰ 1875 ਕਰੋੜ ਰੁਪਏ ਦੇ 6 ਵੱਖ-ਵੱਖ ਲੋਨ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਪਹਿਲਾਂ ਜੂਨ 2008 ਵਿਚ ਵੀਡੀਓਕਾਨ ਨੂੰ ਦਿੱਤੇ ਗਏ 3000 ਕਰੋੜ ਰੁਪਏ ਦੇ ਟਰਮ ਲੋਨ ਦੇ ਸਮੇਂ ਵੀ ਚੰਦਾ ਕੋਚਰ ਲੋਨ ਸੈਂਕਸ਼ਨ ਕਰਨ ਵਾਲੀ ਕਮੇਟੀ ਦੀ ਮੈਂਬਰ ਸੀ। ਇਹ ਕਰਜ਼ 2009 ਵਿਚ ਚੰਦਾ ਕੋਚਰ ਦੇ ਐੱਮ.ਡੀ. ਬਣਨ ਤੋਂ ਬਾਅਦ ਵੀਡੀਓਕਾਨ ਨੂੰ ਮਿਲਿਆ।
ਸਤੰਬਰ 2009- ਵੀ. ਐੱਨ. ਧੂਤ ਨੇ ਪਹਿਲਾਂ ਪਾਵਰ ਪਲਾਂਟ ਐਕਵਾਇਰ ਕਰਨ ਲਈ ਨੂ ਪਾਵਰ ਰਿਨਿਊਬਲ ਐਨਰਜੀ ਨੂੰ ਵੀਡੀਓਕਾਨ ਇੰਡਸਟਰੀ ਤੋਂ ਸੁਪਰੀਮ ਐਨਰਜੀ ਪ੍ਰਾਈਵੇਟ ਲਿਮਟਿਡ ਰਾਹੀਂ 64 ਕਰੋੜ ਰੁਪਏ ਟਰਾਂਸਫਰ ਕੀਤੇ।
ਅਪ੍ਰੈਲ 2012- ਵੀਡੀਓਕਾਨ ਦੀਆਂ ਕੰਪਨੀਆਂ ਨੂੰ ਦਿੱਤੇ ਗਏ 1730 ਕਰੋੜ ਰੁਪਏ ਦੇ ਲੋਨ ਰੁਪਿਆ ਟਰਮ ਲੋਨ ਵਿਚ ਬਦਲੇ ਗਏ।
ਜੂਨ 2017- ਵੀਡੀਓਕਾਨ ਦੀਆਂ ਕੰਪਨੀਆਂ ਨੂੰ ਐੱਨ.ਪੀ.ਏ. ਕਰਾਰ ਦਿੱਤਾ ਗਿਆ।
ਦਸੰਬਰ 2017- ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਵੀ.ਐੱਨ. ਧੂਤ, ਦੀਪਕ ਕੋਚਰ ਅਤੇ ਚੰਦਾ ਕੋਚਰ ਖਿਲਾਫ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ।
ਜਨਵਰੀ 2019- ਸੀ.ਬੀ.ਆਈ. ਨੇ ਵੀ.ਐੱਨ. ਧੂਤ, ਦੀਪਕ ਕੋਚਰ ਅਤੇ ਚੰਦਾ ਕੋਚਰ ਅਤੇ ਇਨ੍ਹਾਂ ਦੀਆਂ ਕੰਪਨੀਆਂ ਦੇ ਨਾਲ-ਨਾਲ ਬੈਂਕ ਦੇ ਕੁਝ ਅਫਸਰਾਂ ਵਿਰੁੱਧ ਮਾਮਲਾ ਦਰਜ ਕੀਤਾ।
ਚੰਦਾ ਕੋਚਰ ਖਿਲਾਫ ਈ.ਡੀ. ਦੀ ਵੱਡੀ ਕਾਰਵਾਈ, ਅਟੈਚ ਕੀਤੀ ਗਈ ਕਰੋੜਾਂ ਦੀ ਜਾਇਦਾਦ
2012 ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਤੋਂ ਵੀਡੀਓਕਾਨ ਨੂੰ ਮਿਲੇ 3,250 ਕਰੋੜ ਰੁਪਏ ਦੇ ਲੋਨ ਮਾਮਲੇ ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸਾਬਕਾ ਸੀ.ਈ.ਓ. ਅਤੇ ਐੱਮ.ਡੀ. ਚੰਦਾ ਕੋਚਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੁੰਬਈ ਸਥਿਤ ਫਲੈਟ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੀ ਕੰਪਨੀ ਦੀ ਕੁਝ ਜਾਇਦਾਦ ਨੂੰ ਅਟੈਚ ਕੀਤਾ ਜਾ ਚੁੱਕਾ ਹੈ। ਜ਼ਬਤ ਜਾਇਦਾਦਾਂ ਦੀ ਕੁਲ ਕੀਮਤ 78 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੋਦੀ ਨੂੰ ਲਿਖੀ ਚਿੱਠੀ ਨਾਲ ਖੁੱਲ੍ਹੀ ਬੈਂਕ ਤੇ ਕਾਰਪੋਰੇਟ ਗੰਢਤੁੱਪ ਦੀ ਖੇਡ
ਆਈ.ਸੀ.ਆਈ.ਸੀ.ਆਈ. ਬੈਂਕ ਦੀ ਸਾਬਕਾ ਐੱਮ.ਡੀ. ਚੰਦਾ ਕੋਚਰ ਦੇ ਸਿਰ 'ਤੇ ਅੱਜ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਪਰ ਇਕ ਸਮੇਂ ਦੇਸ਼ ਦੀਆਂ ਸਭ ਤੋਂ ਤਾਕਤਵਰ ਔਰਤਾਂ ਵਿਚੋਂ ਇਕ ਤੇ ਭਾਰਤ ਦੇ ਕਾਰਪੋਰੇਟ ਜਗਤ ਦਾ ਵੱਡਾ ਚਿਹਰਾ ਸੀ ਪਰ ਹੁਣ ਉਨ੍ਹਾਂ ਦੇ ਪਤੀ ਵਲੋਂ ਕੀਤੇ ਗਏ ਘੋਟਾਲੇ ਵਿਚ ਸ਼ਾਮਲ ਹੋਣ ਕਾਰਣ ਉਹ ਨੈਗੇਟਿਵ ਖਬਰਾਂ ਦੇ ਚੱਲਦੇ ਚਰਚਾ ਵਿਚ ਹਨ। ਹਾਲਾਂਕਿ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੈਂਕ ਵੀ ਚੰਦਾ ਕੋਚਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਸੀ ਪਰ ਜਦੋਂ ਘੋਟਾਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤਾਂ ਬੈਂਕ ਨੇ ਚੰਦਾ ਦੇ ਕਾਰਨਾਮਿਆਂ ਦੀ ਸੁਤੰਤਰ ਜਾਂਚ ਕਰਵਾਈ ਤਾਂ ਉਹ ਦੋਸ਼ੀ ਨਿਕਲੀ। ਦਰਅਸਲ ਇਹ ਸਾਰਾ ਮਾਮਲਾ 2016 ਵਿਚ ਸ਼ੇਅਰ ਹੋਲਡ ਐਕਟਿਵਿਸਟ ਰਵਿੰਦ ਗੁਪਤਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਤੋਂ ਬਾਅਦ ਖੁੱਲ੍ਹਣਾ ਸ਼ੁਰੂ ਹੋਇਆ।

ਇਹ ਚਿੱਠੀ ਮਾਰਚ 2016 ਵਿਚ ਲਿਖੀ ਗਈ ਸੀ। ਹਾਲਾਂਕਿ ਇਸ ਸਮੇਂ ਪ੍ਰਧਾਨ ਮੰਤਰੀ ਦਫਤਰ ਨੇ ਇਸ ਚਿੱਠੀ 'ਤੇ ਜਵਾਬ ਨਹੀਂ ਦਿੱਤਾ ਸੀ। ਇਸ ਵਿਚਾਲੇ ਚਿੱਠੀ ਤੋਂ ਬਾਅਦ ਜੁਲਾਈ 2016 ਵਿਚ ਪ੍ਰਧਾਨ ਮੰਤਰੀ ਦਫਤਰ ਨੇ ਮਾਮਲੇ ਦੀ ਜਾਂਚ ਆਰ.ਬੀ.ਆਈ. ਨੂੰ ਸੌਂਪੀ ਤਾਂ ਇਸ ਜਾਂਚ ਵਿਚ ਕੁਝ ਖਾਸ ਨਹੀਂ ਨਿਕਲਿਆ। ਇਸ ਤੋਂ ਬਾਅਦ ਗੁਪਤਾ ਨੇ ਇਹ ਚਿੱਠੀ ਅਕਤੂਬਰ 2016 ਵਿਚ ਆਪਣੇ ਬਲਾਗ 'ਤੇ ਪਾ ਦਿੱਤੀ, ਇਸ ਚਿੱਠੀ ਵਿਚ ਚੰਦਾ ਕੋਚਰ ਤੇ ਵੀਡੀਓਕਾਨ ਦੀ ਕਾਰਪੋਰੇਟ ਗੰਢਤੁੱਪ ਦਾ ਖੁਲਾਸਾ ਕੀਤਾ ਗਿਆ ਸੀ। ਮਾਰਚ 2018 ਵਿਚ ਜਦੋਂ ਨੀਰਵ ਮੋਦੀ ਵਲੋਂ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਕੀਤੀ ਗਈ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸੁਰਖੀਆਂ ਵਿਚ ਆਇਆ ਤਾਂ ਗੁਪਤਾ ਦੇ ਬਲਾਗ 'ਤੇ ਚਿੱਠੀ ਨੇ ਮੁੱਖ ਧਾਰਾ ਦੀਆਂ ਮੀਡੀਆ ਸੁਰਖੀਆਂ ਵਿਚ ਆਉਣਾ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਅੰਦਰੂਨੀ ਆਡਿਟ ਵਿਚ ਚੰਦਾ ਕੋਚਰ ਨੂੰ ਕਲੀਨ ਚਿੱਟ ਦੇ ਦਿੱਤੀ। ਪਰ ਜਦੋਂ ਮਾਮਲੇ ਵਿਚ ਸੀ.ਬੀ.ਆਈ. ਨੇ ਜਾਂਚ ਸ਼ੁਰੂ ਕੀਤੀ ਤਾਂ ਸੇਬੀ ਨੇ ਵੀ ਇਸ ਮਾਮਲੇ ਵਿਚ ਨੋਟਿਸ ਜਾਰੀ ਕਰਕੇ ਦੀਪਕ ਕੋਚਰ ਤੇ ਚੰਦਾ ਕੋਚਰ ਤੋਂ ਜਵਾਬ ਮੰਗਿਆ। ਚਾਰਾਂ ਪਾਸਿਓਂ ਦਬਾਅ ਤੋਂ ਬਾਅਦ ਅਖੀਰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਬੋਰਡ ਨੇ ਮਾਮਲੇ ਦੀ ਸ਼੍ਰੀ ਕਿਸ਼ਣਾ ਪੈਨਲ ਤੋਂ ਸੁਤੰਤਰ ਜਾਂਚ ਕਰਵਾਈ। ਜਾਂਚ ਦੌਰਾਨ ਹੀ ਚੰਦਾ ਕੋਚਰ ਨੇ ਅਕਤੂਬਰ 2018 ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਾਅਦ ਵਿਚ ਚੰਦਾ ਕੋਚਰ ਨੂੰ ਸੁਤੰਤਰ ਜਾਂਚ ਵਿਚ ਦੋਸ਼ੀ ਪਾਇਆ ਗਿਆ।  

Inder Prajapati

This news is Content Editor Inder Prajapati