CM ਏਕਨਾਥ ਸ਼ਿੰਦੇ ਦੀ ਵੱਡੀ ਜਿੱਤ, ਚੋਣ ਕਮਿਸ਼ਨ ਨੇ ਦਿੱਤਾ 'ਸ਼ਿਵ ਸੈਨਾ' ਨਾਂ ਤੇ 'ਤੀਰ-ਕਮਾਨ' ਦਾ ਨਿਸ਼ਾਨ

02/17/2023 11:15:24 PM

ਨਵੀਂ ਦਿੱਲੀ (ਭਾਸ਼ਾ): ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸਮੂਹ ਨੂੰ 'ਸ਼ਿਵ ਸੈਨਾ' ਨਾਂ ਅਤੇ ਉਸ ਦਾ ਚੋਣ ਨਿਸ਼ਾਨ 'ਤੀਰ-ਕਮਾਨ' ਦੇ ਦਿੱਤਾ। ਇਸ ਨੂੰ ਊਧਵ ਠਾਕਰੇ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸ਼ਿੰਦੇ ਵੱਲੋਂ ਦਾਖ਼ਲ ਛੇ ਮਹੀਨੇ ਪੁਰਾਣੀ ਪਟੀਸ਼ਨ 'ਤੇ ਇਕ ਫ਼ੈਸਲੇ ਵਿਚ, ਤਿੰਨ ਮੈਂਬਰੀ ਕਮਿਸ਼ਨ ਨੇ ਠਾਕਰੇ ਗੁੱਟ ਨੂੰ ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਨਾਂ ਅਤੇ 'ਮਸ਼ਾਲ' ਚੋਣ ਨਿਸ਼ਾਨ ਨੂੰ ਬਣਾਈ ਰੱਖਣ ਦੀ ਇਜਾਜ਼ਤ ਦਿੱਤੀ, ਜੋ ਉਨ੍ਹਾਂ ਨੂੰ ਵਿਧਾਨਸਭਾ ਜਿਮਨੀ ਚੋਣਾਂ ਦੇ ਖ਼ਤਮ ਹੋਣ ਤਕ ਅੰਤਰਿਮ ਫ਼ੈਸਲੇ ਵਿਚ ਦਿੱਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਮੋਹਾਲੀ RPG ਹਮਲਾ: ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 'ਲੰਡਾ' ਦਾ ਕਰੀਬੀ ਗੁਰਪਿੰਦਰ ਪਿੰਦੂ ਗ੍ਰਿਫ਼ਤਾਰ

ਇਸ ਵਿਚਾਲੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਨੂੰ ਸੱਚ ਅਤੇ ਲੋਕਾਂ ਦੀ ਜਿੱਤ ਦੱਸਿਆ। ਉਨ੍ਹਾਂ ਨੇ ਕਮਿਸ਼ਨ ਦੇ ਫ਼ੈਸਲੇ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ, "ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ। ਲੋਕਤੰਤਰ ਵਿਚ ਬਹੁਮਤ ਦਾ ਮਹੱਤਵ ਹੁੰਦਾ ਹੈ। ਇਹ ਸੱਚ ਅਤੇ ਲੋਕਾਂ ਦੀ ਜਿੱਤ ਹੈ ਤੇ ਨਾਲ ਹੀ ਬਾਲਾਸਾਹਿਬ ਠਾਕਰੇ ਦਾ ਅਸ਼ੀਰਵਾਦ ਵੀ ਹੈ। ਸਾਡੀ ਸ਼ਿਵਸੈਨਾ ਅਸਲੀ ਹੈ।"

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਧੀ ਨੂੰ ਫ਼ੋਨ 'ਤੇ ਗੱਲ ਕਰਨ ਤੋਂ ਰੋਕਿਆ, ਅੱਗਿਓਂ ਸਿਰਫ਼ਿਰੇ ਦੋਸਤ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼

ਇਹ ਪਹਿਲੀ ਵਾਰ ਹੈ ਜਦੋਂ ਠਾਕਰੇ ਪਰਿਵਾਰ ਨੇ 1966 ਵਿਚ ਬਾਲਾਸਾਹਿਬ ਠਾਕਰੇ ਵੱਲੋਂ ਸਥਾਪਿਤ ਪਾਰਟੀ ਤੋਂ ਕੰਟਰੋਲ ਗੁਆ ਲਿਆ ਹੈ। ਪਾਰਟੀ ਨੇ ਹਿੰਦੁਤਵ ਨੂੰ ਆਪਣੀ ਮੁੱਖ ਵਿਚਾਰਧਾਰਾ ਵਜੋਂ ਅਪਣਾਇਆ ਸੀ ਅਤੇ 2019 ਤਕ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕੀਤਾ ਸੀ, ਜਦੋਂ ਊਧਵ ਠਾਕਰੇ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਉਣ ਲਈ ਗੱਠਜੋੜ ਤੋੜ ਦਿੱਤਾ ਸੀ। 

ਇਹ ਖ਼ਬਰ ਵੀ ਪੜ੍ਹੋ- ਦੀਪ ਸਿੱਧੂ ਦੀ ਬਰਸੀ ਮੌਕੇ ਮੂਸੇਵਾਲਾ ਦੇ ਪਿਤਾ ਦੇ ਤਿੱਖੇ ਬੋਲ, "ਸਿਰ ਚੁੱਕਣ ਵਾਲਿਆਂ ਨੂੰ ਮਾਰ ਦਿੱਤਾ ਜਾਂਦੈ"

ਕਮਿਸ਼ਨ ਨੇ 78 ਪੰਨਿਆਂ ਦੇ ਆਪਣੇ ਫ਼ੈਸਲੇ ਵਿਚ ਕਿਹਾ "ਪਾਰਟੀ ਦਾ ਨਾਂ 'ਸ਼ਿਵ ਸੈਨਾ' ਅਤੇ ਨਿਸ਼ਾਨ 'ਤੀਰ-ਕਮਾਨ' ਪਟੀਸ਼ਨਰ ਧਿਰ ਵੱਲੋਂ ਬਣਾਏ ਰੱਖਿਆ ਜਾਵੇਗਾ। ਪਿਛਲੇ ਸਾਲ ਅਕਤੂਬਰ ਵਿਚ ਸ਼ਿੰਦੇ ਧਿਰ ਨੂੰ ਦਿੱਤੇ ਗਏ 'ਬਾਲਾਸਾਹਿਬਚੀਂ ਸ਼ਿਵਸੈਨਾ' ਦਾ ਨਾਂ ਅਤੇ 'ਦੋ ਤਲਵਾਰਾਂ ਤੇ ਢਾਲ' ਦੇ ਨਿਸ਼ਾਨ 'ਤੇ ਤੁਰੰਤ ਪ੍ਰਭਾਅ ਨਾਲ ਰੋਕ ਲੱਗ ਜਾਵੇਗੀ ਅਤੇ ਇਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ।" ਕਮਿਸ਼ਨ ਨੇ ਕਿਹਾ ਕਿ ਸਾਲ 2019 ਦੀਆਂ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਵਿਚ ਸ਼ਿਵ ਸੈਨਾ ਦੇ 55 ਜੇਤੂ ਉਮੀਦਵਾਰਾਂ ਵਿਚੋਂ ਏਕਨਾਥ ਸ਼ਿੰਦਾ ਦੇ ਸਮਰਥਨ ਕਰਨ ਵਾਲੇ ਧੜੇ ਦੇ ਵਿਧਾਇਕਾਂ ਨੂੰ ਤਕਰੀਬਨ 76 ਫ਼ੀਸਦੀ ਵੋਟਾਂ ਪਈਆਂ ਸਨ। ਮਹਾਰਾਸ਼ਟਰ ਵਿਚ 2019 ਦੀਆਂ ਵਿਧਾਨਸਭਾ ਚੋਣਾਂ ਵਿਚ ਸ਼ਿਵ ਸੈਨਾ ਦੇ ਜੇਤੂ ਉਮੀਦਵਾਰਾਂ ਦੇ ਪੱਖ ਵਿਚ ਪਈਆਂ ਵੋਟਾਂ 'ਚੋਂ 23.5 ਫ਼ੀਸਦੀ ਵੋਟਾਂ ਊਧਵ ਠਾਕਰੇ ਧੜੇ ਦੇ ਵਿਧਾਇਕਾਂ ਨੂੰ ਪਈਆਂ ਸਨ। ਕਮਿਸ਼ਨ ਨੇ ਕਿਹਾ ਕਿ ਠਾਕਰੇ ਧੜੇ ਨੇ ਚੋਣ ਨਿਸ਼ਾਨ ਅਤੇ ਸੰਗਠਨ 'ਤੇ ਦਾਅਵਾ ਕਰਨ ਲਈ ਪਾਰਟੀ ਦੇ 2018 ਦੇ ਸੰਵਿਧਾਨ 'ਤੇ ਬਹੁਤ ਭਰੋਸਾ ਕੀਤਾ ਸੀ, ਪਰ ਪਾਰਟੀ ਨੇ ਸੰਵਿਧਾਨ ਵਿਚ ਸੋਧ ਬਾਰੇ ਕਮਿਸ਼ਨ ਨੂੰ ਸੂਚਨਾ ਨਹੀਂ ਸੀ ਦਿੱਤੀ। ਕਮਿਸ਼ਨ ਨੇ ਕਿਹਾ ਕਿ ਸ਼ਿਵਸੈਨਾ ਦਾ 2018 ਵਿਚ ਸੋਧਿਆ ਗਿਆ ਸੰਵਿਧਾਨ ਕਮਿਸ਼ਨ ਦੇ ਰਿਕਾਰਡ ਵਿਚ ਨਹੀਂ ਹੈ। ਕਮਿਸ਼ਨ ਨੇ ਕਿਹਾ ਕਿ ਪਾਰਟੀ ਦੇ ਜਿਸ ਸੰਵਿਧਾਨ 'ਤੇ ਠਾਕਰੇ ਗੁੱਟ ਪੂਰਾ ਭਰੋਸਾ ਕਰ ਰਿਹਾ ਸੀ, ਉਹ "ਗੈਰ-ਲੋਕਤੰਤਰਿਕ" ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra