ਦੁਸ਼ਯੰਤ ਚੌਟਾਲਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਲਿਆ ਫੈਸਲਾ, ਦੱਸੀ ਇਹ ਵਜ੍ਹਾ

01/21/2020 5:06:11 PM

ਹਰਿਆਣਾ (ਵਾਰਤਾ)— ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਹੈ। ਦਰਅਸਲ ਪਸੰਦੀਦਾ ਚੋਣ ਚਿੰਨ੍ਹ ਨਾ ਮਿਲਣ 'ਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਹੈ। ਜੇ. ਜੇ. ਪੀ. ਦੇ ਸੀਨੀਅਰ ਨੇਤਾ ਅਤੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਨੂੰ ਚੋਣ ਕਮਿਸ਼ਨ ਨੇ ਮਾਨਤਾ ਦੇ ਦਿੱਤੀ ਹੈ ਪਰ ਉਨ੍ਹਾਂ ਨੂੰ ਪਸੰਦੀਦਾ ਚੋਣ ਨਿਸ਼ਾਨ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਨੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ 'ਚਾਬੀ' ਚੋਣ ਚਿੰਨ੍ਹ ਮਿਲਿਆ, ਇਸ ਨੂੰ ਕਿਸੇ ਹੋਰ ਦਲ ਨੇ ਪਹਿਲਾਂ ਹੀ ਰਿਜ਼ਰਵ ਕਰਵਾ ਲਿਆ ਹੈ। ਦੁਸ਼ਯੰਤ ਨੇ ਕਿਹਾ ਕਿ ਅਸੀਂ ਬੀਤੇ ਸੋਮਵਾਰ ਨੂੰ ਕਮਿਸ਼ਨ ਵੀ ਨੂੰ ਮਿਲੇ ਸੀ ਅਤੇ ਪਾਰਟੀ ਨੂੰ ਚਾਬੀ ਦੀ ਥਾਂ ਦਿੱਲੀ ਵਿਧਾਨ ਸਭਾ ਚੋਣਾਂ ਲਈ 'ਚੱਪਲ' ਜਾਂ 'ਕੱਪ-ਪਲੇਟ' ਚੋਣ ਚਿੰਨ੍ਹ ਦੇਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਦੱਸਿਆ ਕਿ ਇਹ ਵੀ ਹੋਰ ਦਲਾਂ ਵਲੋਂ ਰਿਜ਼ਰਵ ਕਰਵਾ ਲਏ ਗਏ ਹਨ। 

ਦੁਸ਼ਯੰਤ ਨੇ ਕਿਹਾ ਕਿ ਪਾਰਟੀ ਦੇ ਕਾਰਜਕਾਰਨੀ ਨੇ ਜੇ. ਜੇ. ਪੀ. ਸੁਪਰੀਮੋ ਅਜੇ ਸਿੰਘ ਚੌਟਾਲਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਉਪਰੋਕਤ ਹਲਾਤਾਂ 'ਚ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪਣੇ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਪਾਰਟੀ ਦੇ ਨਵੇਂ ਨਿਯੁਕਤ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਉਨ੍ਹਾਂ ਨਾਲ 2 ਵਾਰ ਸੰਪਰਕ ਕਰ ਕੇ ਹਰਿਆਣਾ ਦੀ ਤਰਜ਼ 'ਤੇ ਦਿੱਲੀ 'ਚ ਵੀ ਦੋਹਾਂ ਦਲਾਂ ਵਿਚਾਲੇ ਗਠਜੋੜ ਕਰਨ ਦੀ ਪੇਸ਼ ਕੀਤੀ ਅਤੇ ਚੋਣਾਂ 'ਚ ਉਨ੍ਹਾਂ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦੇਣ ਦੀ ਗੱਲ ਆਖੀ ਹੈ, ਜੋ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਨਾਮ 'ਤੇ ਦਿੱਲੀ ਦਾ ਨੁਕਸਾਨ ਕਰਨ 'ਤੇ ਤੁਲੀਆਂ ਹੋਈਆਂ ਹਨ। ਇਕ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਭਾਜਪਾ ਦੀ ਮੰਗ 'ਤੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਉਸ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰੇਗੀ।

Tanu

This news is Content Editor Tanu