ਕਿਸਾਨ ਅੰਦੋਲਨ ਦੌਰਾਨ 40 ਅਨਾਜ਼ ਗੋਦਾਮਾਂ ’ਚ ਸੀ.ਬੀ.ਆਈ. ਦੀ ਛਾਪੇਮਾਰੀ

01/29/2021 12:59:59 PM

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵੱਡੀ ਗਿਣਤੀ ’ਚ ਕਿਸਾਨ ਹੁਣ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਬੈਠ ਕੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕਾਨੂੰਨ ਵਾਪਸ ਲਏ ਜਾਣ। ਹਾਲਾਂਕਿ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਕੁਝ ਕਿਸਾਨ ਸੰਗਠਨ ਇਸ ਅੰਦੋਲਨ ਤੋਂ ਖ਼ੁਦ ਨੂੰ ਵੱਖ ਕਰ ਚੁੱਕੇ ਹਨ। ਇਸ ਦੌਰਾਨ ਮੀਡੀਆ ਰਿਪੋਰਟ ਮੁਤਾਬਕ ਪੰਜਾਬ ’ਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਵੱਲੋਂ ਅਨਾਜ਼ ਦੇ ਗੋਦਾਮਾਂ ’ਤੇ ਵੱਡੀ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੀ.ਬੀ.ਆਈ. ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ 40 ਅਨਾਜ਼ ਗੋਦਾਮਾਂ ’ਤੇ ਛਾਪਾ ਮਾਰਿਆ ਹੈ। ਛਾਪੇਮਾਰੀ ਦੀ ਇਹ ਕਾਰਵਾਈ ਵੀਰਵਾਰ ਰਾਤ ਨੂੰ ਕੀਤੀ ਗਈ ਹੈ। 
ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਦੀਆਂ ਟੀਮਾਂ ਨੇ ਇਨ੍ਹਾਂ 40 ਗੋਦਾਮਾਂ ’ਚ ਵੱਡੀ ਮਾਤਰਾ ’ਚ ਰੱਖੇ ਗਏ ਚੌਲ ਅਤੇ ਕਣਕ ਦੇ ਨਮੂਨੇ ਵੀ ਲਏ ਹਨ। ਇਕ ਟੀ.ਵੀ. ਦੀ ਰਿਪੋਰਟ ਮੁਤਾਬਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਸੀ.ਬੀ.ਆਈ. ਦੀ ਟੀਮ ਵੀਰਵਾਰ ਰਾਤ ਤੋਂ ਛਾਪੇਮਾਰੀ ਕਰ ਰਹੀ ਹੈ। ਇਸ ਛਾਪੇਮਾਰੀ ’ਚ ਕੋਈ ਦਖ਼ਲਅੰਦਾਜ਼ੀ ਨਾ ਆਏ, ਇਸ ਲਈ ਅਰਧ ਸੈਨਿਕ ਫੋਰਸਾਂ ਦੀ ਵੀ ਮਦਦ ਲਈ ਜਾ ਰਹੀ ਹੈ। 
ਜਾਣਕਾਰੀ ਸਾਹਮਣੇ ਆਈ ਹੈ ਕਿ ਜਿਨ੍ਹਾਂ ਅਨਾਜ਼ ਗੋਦਾਮਾਂ ’ਚ ਛਾਪੇ ਮਾਰੇ ਜਾ ਰਹੇ ਹਨ, ਉਨ੍ਹਾਂ ਦੇ ਕੁਝ ਗੋਦਾਮ ਪੰਜਾਬ ਫੂਡ ਭੰਡਾਰਨ ਨਿਗਮ ਦੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਗੋਦਾਮ ਪੰਜਾਬ ਵੇਅਰਹਾਊਸਿੰਗ ਅਤੇ ਕੁਝ ਭਾਰਤ ਫੂਡ ਨਿਗਮ ਦੇ ਵੀ ਦੱਸੇ ਗਏ ਹਨ। ਹਾਲੇ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਸੀ.ਬੀ.ਆਈ. ਦੀਆਂ ਟੀਮਾਂ ਨੇ ਪੰਜਾਬ ’ਚ ਕਿਨ੍ਹਾਂ ਖੇਤਰਾਂ ’ਚ ਛਾਪੇ ਮਾਰ ਰਹੀ ਹੈ। ਰਿਪੋਰਟ ਮੁਤਾਬਕ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੀ.ਬੀ.ਆਈ. ਨੇ ਇਨ੍ਹਾਂ ਗੋਦਾਮਾਂ ’ਚ 2019-20 ਅਤੇ 2020-21 ’ਚ ਭੰਡਾਰ ਕੀਤੇ ਗਏ ਚੌਲ ਅਤੇ ਕਣਕ ਦੇ ਸੈਂਪਲ ਜ਼ਬਤ ਕੀਤੇ ਹਨ।     

 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News