ਸਿਹਤ ਮੰਤਰੀ ਨੇ ਰਾਜ ਸਭਾ 'ਚ ਦੱਸਿਆ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੀ ਹੈ ਤਿਆਰੀ

03/05/2020 2:23:16 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਿੰਨਾ ਖਤਰਨਾਕ ਹੈ ਅਤੇ ਇਸ ਨੂੰ ਲੈ ਕੇ ਸਰਕਾਰ ਕੀ-ਕੀ ਕਦਮ ਚੁੱਕ ਰਹੀ ਹੈ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਰਾਜ ਸਭਾ 'ਚ ਅੱਜ ਭਾਵ ਵੀਰਵਾਰ ਨੂੰ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੇ 29 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਕੇਰਲ ਦੇ 3 ਮਰੀਜ਼ ਠੀਕ ਹੋ ਚੁੱਕੇ ਹਨ। ਹਰਸ਼ਵਰਧਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹ ਖੁਦ ਅਤੇ ਗਰੁੱਪ ਆਫ ਮਿਨਿਸਟਰ ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਦੇਸ਼ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਹਰ ਸੰਭਵ ਉਪਾਅ ਕੀਤੇ ਗਏ ਹਨ ਅਤੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਨਾਲ ਹੀ ਗ੍ਰਾਮ ਪੰਚਾਇਤ ਪੱਧਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਇਸ ਤੋਂ ਡਰਨ ਦੀ ਬਜਾਏ ਚੌਕਸੀ ਵਰਤਣ ਦੀ ਲੋੜ ਹੈ। ਡਾ. ਹਰਸ਼ਵਰਧਨ ਨੇ ਕਿਹਾ ਕਿ ਸਰਹੱਦੀ ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੱਤਰਾਖੰਡ ਅਤੇ ਸਿੱਕਮ 'ਚ ਇਸ ਮਹਾਮਾਰੀ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਪੰਚਾਇਤੀ ਰਾਜ ਵਿਭਾਗ ਨਾਲ ਮਿਲ ਕੇ ਸਾਵਧਾਨੀ ਕਦਮ ਚੁੱਕੇ ਜਾ ਰਹੇ ਹਨ। ਕੌਮਾਂਤਰੀ ਸੀਮਾ ਜਾਂਚ ਚੌਕੀਆਂ 'ਤੇ 11 ਲੱਖ ਤੋਂ ਵਧੇਰੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਹੈ। ਇਨ੍ਹਾਂ ਸੂਬਿਆਂ 'ਚ 8 ਕੇਂਦਰੀ ਟੀਮਾਂ ਨੂੰ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ : ਚੀਨੀ ਡਾਕਟਰ ਦਾ ਦਾਅਵਾ-'ਤਿਆਰ ਕੀਤਾ ਕੋਰੋਨਾ ਵਾਇਰਸ ਨੂੰ ਰੋਕਣ ਵਾਲਾ ਟੀਕਾ'

ਡਾ. ਹਰਸ਼ਵਰਧਨ ਦੇ ਵਿਸਥਾਰਪੂਰਵਕ ਜਾਣਕਾਰੀ ਦੇ ਖਾਸ ਬਿੰਦੂ—
— ਦੇਸ਼ 'ਚ ਹੁਣ ਤਕ 29 ਮਾਮਲਿਆਂ ਦੀ ਪੁਸ਼ਟੀ।
— ਭਾਰਤ ਨੇ 17 ਜਨਵਰੀ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਸੀ, ਉਦੋਂ ਡਬਲਿਊ. ਐੱਚ. ਓ. ਨੇ ਸਲਾਹੀ ਜਾਰੀ ਨਹੀਂ ਕੀਤੀ ਸੀ।
— ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਡਬਲਿਊ. ਐੱਚ. ਓ. ਦੇ ਸੰਪਰਕ 'ਚ ਹੈ।
— ਮਰੀਜ਼ਾਂ ਦੀ ਨਿਗਰਾਨੀ ਲਈ ਹਸਪਤਾਲਾਂ 'ਚ ਵੱਖਰੇ ਵਾਰਡ ਬਣਾਏ ਗਏ ਹਨ।
— 21 ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
— ਚੀਨ ਦੇ ਸ਼ਹਿਰ ਵੁਹਾਨਾ ਤੋਂ ਲਿਆਂਦੇ ਗਏ ਭਾਰਤੀ ਨਾਗਰਿਕਾਂ ਦੇ ਟੈਸਟ ਨੈਗੇਟਿਵ।
— ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਫੈਲਾਈ ਜਾ ਰਹੀ ਹੈ।
— ਪੀ. ਐੱਮ. ਮੋਦੀ ਹਾਲਾਤ ਅਤੇ ਇੰਤਜ਼ਾਮ 'ਤੇ ਨਜ਼ਰ ਰੱਖ ਰਹੇ ਹਨ।
— ਚੀਨ, ਈਰਾਨ, ਇਟਲੀ, ਜਾਪਾਨ, ਸਾਊਥ ਕੋਰੀਆ ਜਾ ਚੁੱਕੇ ਸਾਰੇ ਵਿਦੇਸ਼ੀ ਯਾਤਰੀਆਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਗਿਆ ਹੈ।
— ਇਟਲੀ, ਈਰਾਨ, ਸਾਊਥ ਕੋਰੀਆ, ਜਾਪਾਨ ਦੇ ਉਨ੍ਹਾਂ ਸਾਰੇ ਯਾਤਰੀਆਂ ਦੇ 3 ਮਾਰਚ 2020 ਤਕ ਜਾਰੀ ਵੀਜ਼ਾ ਰੱਦ ਕਰ ਦਿੱਤੇ ਗਏ ਹਨ, ਜਿਨ੍ਹਾਂ ਨੇ ਭਾਰਤ 'ਚ ਐਂਟਰੀ ਨਹੀਂ ਕੀਤੀ ਹੈ।
— ਸੂਬਿਆਂ ਦੀ ਮਦਦ ਲਈ ਮੰਤਰਾਲੇ ਨੇ ਗਾਈਡਲਾਈਨ ਜਾਰੀ ਕੀਤੀ ਹੈ। 
— ਕੋਰੋਨਾ ਦੇ ਮਾਮਲਿਆਂ ਦੀ ਜਾਂਚ ਲਈ 19 ਹੋਰ ਲੈਬ ਬਣਾਈਆਂ ਜਾ ਰਹੀਆਂ ਹਨ।
— 4 ਮਾਰਚ ਤਕ 6,11, 176 ਯਾਤਰੀਆਂ ਦੀ ਵੱਖ-ਵੱਖ ਥਾਂ 'ਤੇ ਥਰਮਲ ਸਕ੍ਰੀਨਿੰਗ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਇਨਸਾਨ ਤੋਂ ਕੁੱਤੇ 'ਚ ਪਹੁੰਚਿਆ ਕੋਰੋਨਾ, ਦੁਨੀਆ 'ਚ ਪਹਿਲਾ ਮਾਮਲਾ

Tanu

This news is Content Editor Tanu