WHO 'ਚ ਭਾਰਤ ਦਾ ਵਧਿਆ ਕੱਦ, ਡਾ. ਹਰਸ਼ਵਰਧਨ ਹੋਣਗੇ ਕਾਰਜਕਾਰੀ ਬੋਰਡ ਦੇ ਅਗਲੇ ਚੇਅਰਮੈਨ

05/20/2020 11:21:22 AM

ਨਵੀਂ ਦਿੱਲੀ— ਦੇਸ਼-ਦੁਨੀਆ 'ਚ ਛਾਏ ਕੋਰੋਨਾ ਵਾਇਰਸ ਸੰਕਟ ਦਰਮਿਆਨ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) 'ਚ ਭਾਰਤ ਦਾ ਕੱਦ ਵਧਿਆ ਹੈ। ਦੇਸ਼ ਵਿਚ ਕੋਰੋਨਾ ਨਾਲ ਜੰਗ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਡਬਲਿਊ. ਐੱਚ. ਓ. ਦੇ 34 ਮੈਂਬਰੀ ਕਾਰਜਕਾਰੀ ਬੋਰਡ ਦੇ ਅਗਲੇ ਚੇਅਰਮੈਨ ਹੋਣਗੇ। ਜਾਣਕਾਰੀ ਮੁਤਾਬਕ ਡਾ. ਹਰਸ਼ਵਰਧਨ 22 ਮਈ ਨੂੰ ਅਹੁਦਾ ਸੰਭਾਲ ਸਕਦੇ ਹਨ। ਉਹ ਜਾਪਾਨ ਦੇ ਡਾ. ਹਿਰੋਕੀ ਨਕਤਾਨੀ ਦੀ ਥਾਂ ਲੈਣਗੇ। ਇਕ ਖ਼ਬਰ ਮੁਤਾਬਕ ਭਾਰਤ ਨੂੰ ਡਬਲਿਊ. ਐੱਚ. ਓ. ਦੇ ਕਾਰਜਕਾਰੀ ਬੋਰਡ ਵਿਚ ਸ਼ਾਮਲ ਕਰਨ ਦੇ ਪ੍ਰਸਤਾਵ 'ਤੇ ਮੰਗਲਵਾਰ ਸਵੇਰੇ ਮੋਹਰ ਲਾਈ ਗਈ। 194 ਦੇਸ਼ਾਂ ਨੇ ਪ੍ਰਸਤਾਵ 'ਤੇ ਦਸਤਖਤ ਕੀਤੇ।

ਡਬਲਿਊ. ਐੱਚ. ਓ. ਦੇ ਦੱਖਣੀ-ਪੂਰਬੀ ਏਸ਼ੀਆ ਸਮੂਹ ਨੇ ਪਿਛਲੇ ਸਾਲ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਸੀ ਕਿ ਭਾਰਤ ਨੂੰ 3 ਸਾਲ ਦੇ ਕਾਰਜਕਾਲ ਲਈ ਕਾਰਜਕਾਰੀ ਬੋਰਡ ਲਈ ਚੁਣਿਆ ਜਾਵੇਗਾ। ਇਹ ਅਹੁਦਾ ਹਰ ਸਾਲ ਬਦਲਦਾ ਹੈ। ਡਬਲਿਊ. ਐੱਚ. ਓ. ਦੇ ਅਧਿਕਾਰੀਆਂ ਨੇ ਕਿਹਾ ਕਿ ਡਾ. ਹਰਸ਼ਵਰਧਨ ਦੀ ਚੋਣ 22 ਮਈ ਨੂੰ ਕਾਰਜਕਾਰੀ ਬੋਰਡ ਦੀ ਬੈਠਕ ਵਿਚ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਕਿਹਾ ਕਿ ਇਹ ਪੂਰਾ ਸਮਾਂ ਜ਼ਿੰਮੇਦਾਰੀ ਨਹੀਂ ਹੈ ਅਤੇ ਮੰਤਰੀ ਨੂੰ ਸਿਰਫ ਕਾਰਜਕਾਰੀ ਬੋਰਡ ਦੀ ਬੈਠਕਾਂ ਦੀ ਪ੍ਰਧਾਨਗੀ ਕਰਨ ਦੀ ਲੋੜ ਹੋਵੇਗੀ। ਇਸ ਕਾਰਜਕਾਰੀ ਬੋਰਡ ਵਿਚ 34 ਮੈਂਬਰ ਹੋਣਗੇ, ਜੋ ਕਿ ਤਕਨੀਕੀ ਰੂਪ ਨਾਲ ਸਿਹਤ ਖੇਤਰ ਤੋਂ ਹੋਣਗੇ। ਬੋਰਡ ਸਾਲ ਵਿਚ ਘੱਟ ਤੋਂ ਘੱਟ ਦੋ ਬੈਠਕਾਂ ਕਰਦਾ ਹੈ ਅਤੇ ਮੁੱਖ ਬੈਠਕ ਜਨਵਰੀ 'ਚ ਆਮ ਤੌਰ 'ਤੇ ਹੁੰਦੀ ਹੈ। ਜਦਕਿ ਦੂਜੀ ਬੈਠਕ ਮਈ 'ਚ ਹੁੰਦੀ ਹੈ। ਕਾਰਜਕਾਰੀ ਬੋਰਡ ਦਾ ਮੁੱਖ ਕੰਮ ਸਿਹਤ ਅਸੈਂਬਲੀ ਦੇ ਫੈਸਲਿਆਂ ਅਤੇ ਪਾਲਿਸੀ ਤਿਆਰ ਕਰ ਲਈ ਉੱਚਿਤ ਸਲਾਹ ਦੇਣ ਦਾ ਹੁੰਦਾ ਹੈ।

Tanu

This news is Content Editor Tanu